ਫਰਿਜ਼ਨੋ ਪੁਲਿਸ ਦੁਆਰਾ ਕੀਤੇ ਗਏ ਗੈਰਕਾਨੂੰਨੀ ਹਥਿਆਰ ਬਰਾਮਦ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ) – ਫਰਿਜ਼ਨੋ ਪੁਲਿਸ ਵੱਲੋਂ ਭੰਗ ਦੀ ਇੱਕ ਗੈਰਕਾਨੂੰਨੀ ਡਿਸਪੈਂਸਰੀ ਵਿੱਚੋਂ ਗੈਰਕਾਨੂੰਨੀ ਹਥਿਆਰ ਅਤੇ ਭੰਗ ਨਾਲ ਸਬੰਧਿਤ ਸਮਾਨ ਬਰਾਮਦ ਕੀਤਾ ਗਿਆ ਹੈ। ਫਰਿਜ਼ਨੋ ਪੁਲਿਸ ਵੱਲੋਂ ਇਸ ਸਬੰਧੀ ਸੂਚਨਾ ਮਿਲਣ ਉਪਰੰਤ ਬੁੱਧਵਾਰ ਨੂੰ ਦੋ ਸਰਚ ਵਾਰੰਟਾਂ ਨਾਲ ਇਹ ਕਾਰਵਾਈ ਕੀਤੀ ਗਈ। ਪੁਲਿਸ ਨੂੰ ਦਿੱਤੀ ਗਈ ਸੂਚਨਾ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੁੱਝ ਗੈਂਗ ਮੈਂਬਰ ਗੈਰਕਾਨੂੰਨੀ ਭੰਗ ਡਿਸਪੈਂਸਰੀ ਕਾਰੋਬਾਰ ਤੋਂ ਗੈਰਕਨੂੰਨੀ ਹਥਿਆਰ ਵੇਚ ਰਹੇ ਸਨ। ਕਾਰਵਾਈ ਦੌਰਾਨ ਪੁਲਿਸ ਨੇ ਇਸ ਡਿਸਪੈਂਸਰੀ ਤੋਂ ਛੇ ਹਥਿਆਰ, ਜਿਹਨਾਂ ਵਿੱਚ ਉੱਚ-ਸਮਰੱਥਾ ਵਾਲੇ ਮੈਗਜ਼ੀਨਾਂ ਵਾਲੀਆਂ ਦੋ ਰਾਈਫਲਾਂ, ਉੱਚ-ਸਮਰੱਥਾ ਵਾਲੇ ਮੈਗਜ਼ੀਨਾਂ ਵਾਲੀਆਂ ਦੋ ਅਣ ਰਜਿਸਟਰਡ ਬੰਦੂਕਾਂ ਅਤੇ ਦੋ ਹੈਂਡਗਨ ਜਿਨ੍ਹਾਂ ਦੇ ਚੋਰੀ ਹੋਣ ਦੀ ਸੂਚਨਾ ਮਿਲੀ ਸੀ, ਨੂੰ ਜ਼ਬਤ ਕੀਤਾ ਹੈ।

ਇਹਨਾਂ ਹਥਿਆਰਾਂ ਦੇ ਇਲਾਵਾ ਅਧਿਕਾਰੀਆਂ ਨੇ ਗੈਰਕਨੂੰਨੀ ਤੌਰ ‘ਤੇ ਵੇਚੇ ਜਾ ਰਹੇ ਭੰਗ ਨਾਲ ਜੁੜੇ ਹੋਰ ਉਤਪਾਦਾਂ ਦੀ ਵੱਡੀ ਸਪਲਾਈ ਵੀ ਬਰਾਮਦ ਕੀਤੀ। ਗੈਂਗ ਦੇ ਇੱਕ 38 ਸਾਲਾ ਮੈਂਬਰ ਦੀ ਪਛਾਣ ਕਾਰੋਬਾਰ ਦੇ ਮਾਲਕ ਵਜੋਂ ਹੋਈ ਹੈ ਜੋ ਕਿ ਸਰਚ ਵਾਰੰਟ ਦੀ ਕਾਰਵਾਈ ਦੌਰਾਨ ਨਹੀਂ ਮਿਲਿਆ, ਪਰ ਪੁਲਿਸ ਦੇ ਅਨੁਸਾਰ, ਉਸਦੀ ਗ੍ਰਿਫਤਾਰੀ ਦਾ ਵਾਰੰਟ ਭਵਿੱਖ ਵਿੱਚ ਜਾਰੀ ਕੀਤਾ ਜਾਵੇਗਾ। ਜਦਕਿ ਇੱਕ ਹੋਰ ਆਦਮੀ ਜਿਸਨੂੰ ਇੱਕ ਗੈਂਗ ਦਾ ਮੈਂਬਰ ਮੰਨਿਆ ਜਾਂਦਾ ਹੈ, ਨੂੰ ਕਾਰਵਾਈ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਦੀ ਪਛਾਣ ਨਹੀਂ ਦੱਸੀ ਗਈ ਜਦਕਿ ਇਸ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।

Share This :

Leave a Reply