ਮਹਿਜ਼ ਇਕ ਮਹੀਨਾ ਪਹਿਲਾਂ ਹੋਇਆ ਸੀ ਵਿਆਹ
ਲੁਧਿਆਣਾ, ਮੀਡੀਆ ਬਿਊਰੋ:
ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੇਸ਼ੱਕ ਕਈ ਸਖ਼ਤ ਕਾਨੂੰਨ ਹੋਂਦ ‘ਚ ਲਿਆਂਦੇ ਗਏ ਹਨ ਪਰ ਅੱਜ ਦੇ ਦੌਰ ‘ਚ ਵੀ ਔਰਤਾਂ ਨੂੰ ਮਰਦ ਪ੍ਰਧਾਨ ਸਮਾਜ ‘ਚ ਵੱਖ ਵੱਖ ਤਰ੍ਹਾਂ ਦੀਆਂ ਤਸ਼ੱਦਦਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਜਿਹੀ ਹੀ ਇਕ ਸ਼ਰਮਨਾਕ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਹੈਬੋਵਾਲ ਰਹਿਣ ਵਾਲੇ ਵਿਅਕਤੀ ਨੇ ਆਪਣੀ ਪਤਨੀ ਉੱਪਰ ਤੇਜ਼ਾਬ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਤੇਜ਼ਾਬੀ ਹਮਲੇ ਦੀ ਸ਼ਿਕਾਰ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਕਤ ਮਾਮਲੇ ਵਿਚ ਥਾਣਾ ਹੈਬੋਵਾਲ ਪੁਲਿਸ ਨੇ ਪਿੰਡ ਚੱਕ ਕਲਾਂ ਦੀ ਰਹਿਣ ਵਾਲੀ ਅਮਨਦੀਪ ਕੌਰ (28)ਦੇ ਬਿਆਨ ਉਪਰ ਉਸ ਦੇ ਪਤੀ ਹਰਦਿਆਲ ਚੰਦ ਵਾਸੀ ਦੁਸਾਂਝ ਨਗਰ ਜੱਸੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਤਸ਼ੱਦਦ ਦਾ ਸ਼ਿਕਾਰ ਹੋਈ ਅਮਨਦੀਪ ਕੌਰ ਮੁਤਾਬਕ ਉਸ ਦਾ ਵਿਆਹ ਮਹਿਜ਼ ਇੱਕ ਮਹੀਨਾ ਪਹਿਲਾਂ ਜੱਸੀਆਂ ਦੇ ਰਹਿਣ ਵਾਲੇ ਹਰਦਿਆਲ ਚੰਦ ਨਾਲ ਹੋਇਆ ਸੀ। ਅਜੇ ਵਿਆਹੁਤਾ ਦੀ ਹੱਥ ਦੀ ਮਹਿੰਦੀ ਵੀ ਨਹੀਂ ਉੱਤਰੀ ਸੀ ਕਿ ਉਸ ਦਾ ਪਤੀ ਉਸ ਉੱਪਰ ਹੋਰ ਦਾਜ ਲਿਆਉਣ ਲਈ ਦਬਾਅ ਬਣਾਉਣ ਲੱਗ ਗਿਆ। ਵਿਆਹ ਤੋਂ ਠੀਕ ਇਕ ਮਹੀਨਾ ਬਾਅਦ ਸ਼ਰਾਬੀ ਹਾਲਤ ‘ਚ ਉਸ ਦਾ ਪਤੀ ਰਾਤ ਕਰੀਬ ਸਾਢੇ ਸੱਤ ਵਜੇ ਘਰ ਪੁੱਜਾ ਅਤੇ ਬਾਥਰੂਮ ਸਾਫ਼ ਕਰਨ ਵਾਲੇ ਤੇਜ਼ਾਬ ਦੀ ਬੋਤਲ ਪੀਡ਼ਤ ਉਪਰ ਡੋਲ੍ਹ ਦਿੱਤੀ। ਇਸ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਅਮਨਦੀਪ ਕੌਰ ਨੂੰ ਫੱਟੜ ਹਾਲਤ ਵਿਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਪੁਲਿਸ ਨੇ ਮੁਲਜ਼ਮ ਹਰਦਿਆਲ ਚੰਦ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।