ਖੰਨਾ (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਇੰਡਸਟਰੀਅਲ ਫੌਕਲ ਪੁਆਇੰਟ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਅਤੇ ਸੜਕ ਦਾ ਉਦਘਾਟਨ ਕਰਨ ਲਈ ਅੱਜ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਪੁੱਜੇੇ। ਜਿਸ ਤੇ ਭਾਰਤੀ ਜਨਤਾ ਪਾਰਟੀ ਨੇ ਤੁਰੰਤ ਵਿਅੰਗ ਕੱਸਦਿਆਂ ਕੋਟਲੀ ਤੋਂ ਸਵਾਲ ਕੀਤਾ ਕਿ ਆਖਰ ਉਨ੍ਹਾਂ ਫੌਕਲ ਪੁਆਇੰਟ ਦੇ ਵਿਕਾਸ ਲਈ ਕੀ ਕੀਤਾ। ਉਨ੍ਹਾਂ ਮੰਤਰੀ ਕੋਟਲੀ ਨੂੰ ਮੁਫ਼ਤ ’ਚ ਸਿਹਰਾ ਲੈਣ ਦੀ ਮੁਹਿੰਮ ਕਰਾਰ ਦਿੱਤਾ। ਦੱਸਣਯੋਗ ਹੈ ਕਿ ਕਈ ਸਾਲਾਂ ਤੋਂ ਫੌਕਲ ਪੁਆਇੰਟ ਦੇ ਲਟਕੇ ਵਿਕਾਸ ਕੰਮਾਂ ਨੂੰ ਲੈ ਕੇ ਸਨਅੱਤਕਾਰਾਂ ਨੂੰ ਵੱਡੀ ਰਾਹਤ ਉਸ ਸਮੇਂ ਮਿਲੀ ਜਦੋਂ ਕੇਂਦਰ ਸਰਕਾਰ ਨੇ ਇਸ ਨੂੰ ਐਸਪੀਬੀ ਯੋਜਨਾ ਤਹਿਤ ਲੈ ਕੇ 10.66 ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦਿੱਤੀ ਸੀ।
ਉਸ ਉਪਰੰਤ ਫੌਕਲ ਪੁਆਇੰਟ ਦੇ ਕੰਮ ਤੇਜ਼ੀ ਨਾਲ ਚੱਲ ਪਏ ਅਤੇ ਜ਼ਿਆਦਾਤਰ ਸੜਕਾਂ ਦਾ ਨਿਰਮਾਣ ਵੀ ਪੂਰਾ ਹੋ ਚੁੱਕਾ ਹੈ, ਪ੍ਰਤੂੰ ਪੰਜਾਬ ਦੇ ਮੰਤਰੀ ਕੋਟਲੀ ਦਾ ਦੌਰਾ ਭਾਜਪਾ ਨੂੰ ਰਾਸ ਨਹੀਂ ਆਇਆ ਅਤੇ ਇਸ ਨੂੰ ਸਿਰਫ਼ ਸਿਆਸੀ ਡਰਾਮਾ ਦੱਸਿਆ। ਭਾਜਪਾ ਦੇ ਕਾਰਜਕਾਰਨੀ ਮੈਂਬਰ ਸੂਖਮ ਲਘੂ ਅਤੇ ਰਾਕੇਸ਼ ਗੁਪਤਾ ਨੇ ਕਿਹਾ ਕਿ ਕੋਟਲੀ ਨੂੰ ਉਦਘਾਟਨ ਕਰਨ ਦਾ ਫੌਬੀਆ ਹੋ ਗਿਆ ਹੈ। ਉਹ ਹੋਰਨਾਂ ਕੰਮਾਂ ਦਾ ਸਿਹਰਾ ਵੀ ਅਪਣੇ ਸਿਰ ਲੈਣਾ ਚਾਹੁੰਦੇ ਹਨ ਕਿਉਂਕਿ ਪੰਜ ਸਾਲਾਂ ਤੋਂ ਉਨ੍ਹਾਂ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ। ਫੌਕਲ ਪੁਆਇੰਟ ਵੀ ਜੋ ਵੀ ਕੰਮ ਚੱਲ ਰਹੇ ਹਨ, ਉਹ ਕੇਂਦਰ ਸਰਕਾਰ ਦੀ ਬਦੌਲਤ ਹੋ ਰਹੇ ਹਨ। ਦੌਰੇ ਦੌਰਾਨ ਮੰਤਰੀ ਕੋਟਲੀ ਨੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਅਮਿਤ ਕੁਮਾਰ, ਸੁਖਦੀਪ ਸਿੰਘ ਢੀਂਡਸਾ, ਵਿਨੋਦ ਵਸ਼ਿਸ਼ਟ, ਤੇਜਿੰਦਰ ਸ਼ਰਮਾ, ਗੁਰਪ੍ਰੀਤ ਸਿੰਘ, ਵਿਨੋਦ ਗੁਪਤਾ ਆਦਿ ਹਾਜ਼ਰ ਸਨ।