ਸਰਪੰਚ ਦੇ ਫ਼ੌਜੀ ਪੁੱਤਰ ਸਮੇਤ ਦੋ ਜਣਿਆਂ ਦੀ ਮੌਕੇ ‘ਤੇ ਮੌਤ
ਗੜ੍ਹਦੀਵਾਲਾ, ਮੀਡੀਆ ਬਿਊਰੋ:
ਬੀਤੀ ਰਾਤ ਹੁਸ਼ਿਆਰਪੁਰ-ਦਸੂਹਾ ਮਾਰਗ ਤੇ ਪਿੰਡ ਮਾਛੀਆਂ ਵਿਖੇ ਗੋਲਡਨ ਰਿਸੋਰਟ ਦੇ ਨਜ਼ਦੀਕ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਬੁਲੇਟ ਸਵਾਰ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਮੁਨਸ਼ੀ ਰਾਮ ਪਿੰਡ ਕੋਟਲੀ (ਭੂੰਗਾ) ਥਾਣਾ ਹਰਿਆਣਾ, ਹਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੱਸੀ ਕੰਢੀ ਵਜੋਂ ਹੋਈ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਪਿੰਡ ਕੋਟਲੀ ਦੇ ਸਰਪੰਚ ਦਾ ਪੁੱਤਰ ਹੈ।
ਜਾਣਕਾਰੀ ਅਨੁਸਾਰ ਇਕ ਬੁਲੇਟ ਮੋਟਰਸਾਈਕਲ ਪੀ ਬੀ 07 ਬੀ ਡਬਲਯੂ 1948 ‘ਤੇ ਦੋ ਵਿਅਕਤੀ ਗੜ੍ਹਦੀਵਾਲਾ ਵਲੋਂ ਪਿੰਡ ਕੋਟਲੀ (ਭੁੰਗਾ) ਜਾ ਰਹੇ ਸੀ। ਜਦੋਂ ਉਹ ਗੋਲਡਨ ਰਿਸੋਰਟ ਮਾਛੀਆਂ ਦੇ ਨਜ਼ਦੀਕ ਪਹੁੰਚੇ ਤਾਂ ਇਕ ਵਰਨਾ ਕਾਰ ਪੀ ਬੀ 08 ਬੀ ਵਾਈ 1136 (ਜੋ ਕਿ ਹੁਸ਼ਿਆਰਪੁਰ ਵਲੋਂ ਆ ਰਹੀ ਸੀ) ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਹੋਣ ਦੇ ਸਹੀ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਟੱਕਰ ਇੰਨੀ ਭਿਆਨਕ ਸੀ ਕਿ ਬੁਲੇਟ ਮੋਟਰਸਾਈਕਲ ਸਵਾਰ ਦੋਵਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ ਮੋਟਰਸਾਈਕਲ ਸਵਾਰ ਵਿਅਕਤੀ ਵਿਆਹ ਸਮਾਗਮ ਤੋਂ ਵਾਪਸ ਕੋਟਲੀ ਜਾ ਰਹੇ ਸਨ।
ਮ੍ਰਿਤਕ ਅਮਨਦੀਪ ਸਿੰਘ ਫੌਜ ਵਿਚ ਨੌਕਰੀ ਕਰਦਾ ਹੈ ਤੇ ਕੁਝ ਹੀ ਦਿਨ ਪਹਿਲਾਂ ਛੁੱਟੀ ਘਰ ਆਇਆ ਸੀ। ਰਾਹਗੀਰਾਂ ਨੇ ਇਸ ਘਟਨਾ ਸਬੰਧੀ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੂੰ ਸੂਚਨਾ ਦਿੱਤੀ। ਤੁਰੰਤ ਮਨਜੋਤ ਸਿੰਘ ਤਲਵੰਡੀ ਆਪਣੀ ਟੀਮ ਸਮੇਤ ਘਟਨਾ ਸਥਾਨ ‘ਤੇ ਪਹੁੰਚੇ। ਤੱਦ ਤੱਕ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਕਾਰ ਸਵਾਰ ਆਪਣੀ ਗੱਡੀ ਦੇ ਕਾਗਜ਼ ਕੱਢ ਕੇ ਫਰਾਰ ਹੋ ਚੁੱਕਿਆ ਸੀ। ਮਨਜੋਤ ਸਿੰਘ ਤਲਵੰਡੀ ਨੇ ਘਟਨਾ ਦੀ ਸੂਚਨਾ ਥਾਣਾ ਗੜ੍ਹਦੀਵਾਲਾ ਨੂੰ ਦਿੱਤੀ। ਥਾਣਾ ਮੁਲਾਜ਼ਮ ਐਸ ਆਈ ਦਰਸ਼ਨ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਲਾਸ਼ਾਂ ਤੇ ਗੱਡੀ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।