ਅਨੰਦਪੁਰ ਸਾਹਿਬ, ਮੀਡੀਆ ਬਿਊਰੋ:
ਹੋਲਾ ਮਹੱਲਾ ਮੌਕੇ ਸੰਗਤਾਂ ਦਾ ਵਿਸ਼ਾਲ ਇਕੱਠ ਸ੍ਰੀ ਅਨੰਦਪੁਰ ਸਾਹਿਬ/ਕੀਰਤਪੁਰ ਸਾਹਿਬ ਹੋ ਰਿਹਾ ਹੈ। ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਦੇਖਣ ਲਈ ਸੈਲਾਨੀਆਂ ਦਾ ਵਿਸਾਲ ਜਨ ਸਮੂਹ ਉੱਮੜ ਰਿਹਾ ਹੈ। ਮਿਊਜ਼ੀਅਮ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪ੍ਰਸ਼ਾਸਨ ਨੇ ਮਿਊਜ਼ੀਅਮ ਨੂੰ ਖੋਲ੍ਹਣ ਦੇ ਸਮੇਂ ਵਿਚ ਵਾਧਾ ਕਰਦੇ ਹੋਏ ਹੋਲਾ ਮਹੱਲਾ ਦੌਰਾਨ 14 ਤੋ 19 ਮਾਰਚ ਤੱਕ ਮਿਊਜੀਅਮ ਨੂੰ ਸਵੇਰੇ 8 ਵਜੇ ਤੋ ਸ਼ਾਮ 8 ਵਜੇ ਤੱਕ ਖੋਲ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਇੱਥੇ ਪੁੱਜ ਰਹੇ ਹਨ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਵਿਸਵ ਪ੍ਰਸਿੱਧ ਵਿਰਾਸਤ ਏ ਖਾਲਸਾ ਨੂੰ ਹੋਲਾ ਮਹੱਲਾ ਮੌਕੇ 14 ਤੋ 19 ਮਾਰਚ ਤੱਕ ਵਧੇਰੇ ਸਮੇਂ ਲਈ ਖੋਲ੍ਹਣ ਦਾ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ। ਸੋਮਵਾਰ ਨੂੰ ਛੁੱਟੀ ਵਾਲੇ ਦਿਨ ਵੀ ਵਿਰਾਸਤ ਏ ਖਾਲਸਾ ਨੂੰ ਖੋਲਿਆ ਅਤੇ ਇਹ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀਆ ਨੇ ਇੱਥੇ ਪਹੁੰਚ ਕੇ ਵਿਰਾਸਤ ਏ ਖਾਲਸਾ ਮਿਊਜੀਅਮ ਨੂੰ ਦੇਖਿਆ।ਉਨ੍ਹਾਂ ਨੇ ਦੱਸਿਆ ਕਿ ਸੈਲਾਨੀਆਂ ਦੀ ਭਾਰੀ ਆਮਦ ਦੀ ਸੰਭਾਵਨਾ ਨੂੰ ਵੇਖਦੇ ਹੋਏ ਇਸ ਦੀਆਂ ਅਗਾਊਂ ਤਿਆਰੀਆਂ ਕੀਤੀਆਂ ਗਈਆਂ ਹਨ।