
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਨਾਵੇਡਾ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਤੇ ਕੁਝ ਹੋਰ ਜਖਮੀ ਹੋ ਗਏ ਜਿਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਉਤਰੀ ਲਾਸ ਵੇਗਾਸ ਪੁਲਿਸ ਨੇ ਹਾਦਸੇ ਦਾ ਵੇਰਵਾ ਦਿੰਦਿਆਂ ਕਿਹਾ ਹੈ ਕਿ ਇਕ ਤੇਜ ਰਫਤਾਰ ਕਾਰ ਨੇ ਕਈ ਹੋਰ ਵਾਹਣਾਂ ਨੂੰ ਟੱਕਰ ਮਾਰੀ । ਪੁਲਿਸ ਅਧਿਕਾਰੀ ਅਗੈਲਜੈਂਡਰ ਕੁਵਾਸ ਨੇ ਘਟਨਾ ਨੂੰ ਬਹੁਤ ਹੀ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਮਾਰੇ ਗਏ ਲੋਕਾਂ ਵਿਚ ਬੱਚੇ ਤੇ ਅਧਖੜ ਉਮਰ ਦੇ ਲੋਕ ਸ਼ਾਮਿਲ ਹਨ। ਉਨਾਂ ਕਿਹਾ ਕਿ ਸੜਕ ਹਾਦਸੇ ਵਿਚ ਇਸ ਤਰਾਂ ਹੋਈਆਂ ਸਮੂਹਿਕ ਮੌਤਾਂ ਦਾ ਮੰਜਰ ਪਹਿਲਾਂ ਕਦੀ ਵੀ ਨਹੀਂ ਵੇਖਿਆ।
ਉਨਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡੌਜ ਚਾਰਜਰ ਕਾਰ ਦੀ ਰਫਤਾਰ ਬਹੁਤ ਤੇਜ ਸੀ। ਪ੍ਰਮੁੱਖ ਚੌਕ ਵਿਚ ਲਾਲ ਬੱਤੀ ਦੀ ਪਰਵਾਹ ਕੀਤੇ ਬਿਨਾਂ ਤੇਜ ਰਫਤਾਰ ਕਾਰ ਅੱਗੇ ਖੜੀਆਂ 6 ਕਾਰਾਂ ਨਾਲ ਜਾ ਟਕਰਾਈ ਜਿਨਾਂ ਵਿਚ 15 ਲੋਕ ਸਵਾਰ ਸਨ। ਹਾਦਸਾ ਏਨਾ ਜਬਰਦਸਤ ਸੀ ਕਿ ਕਾਰਾਂ ਇਕ ਦੂਸਰੇ ਵਿਚ ਧੱਸ ਗਈਆਂ ਤੇ ਲਾਸ਼ਾਂ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਕਾਰਾਂ ਵਿਚੋਂ ਕੱਢਿਆ ਗਿਆ। ਡੌਜ ਚਾਰਜਰ ਕਾਰ ਵਿਚ ਸਵਾਰ ਦੋਨੋਂ ਵਿਅਕਤੀ ਵੀ ਇਸ ਹਾਦਸੇ ਵਿਚ ਮਾਰੇ ਗਏ। ਉਨਾਂ ਕਿਹਾ ਕਿ ਤੇਜ ਰਫਤਾਰ ਹੀ ਹਾਦਸੇ ਦਾ ਕਾਰਨ ਬਣੀ ਹੈ।