ਉਮੀਦਵਾਰ ਵੀ ਦੇ ਰਹੇ ਨਵਜੋਤ ਸਿੰਘ ਸਿੱਧੂ ਦੇ ਸੈਲੀਬ੍ਰਿਟੀ ਚਿਹਰੇ ਨੂੰ ਝਟਕਾ
ਚੰਡੀਗੜ੍ਹ, ਮੀਡੀਆ ਬਿਊਰੋ:
ਕਾਂਗਰਸ ਦੇ ਸੀਐੱਮ ਫੇਸ ਐਲਾਨੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸੈਲੀਬ੍ਰਿਟੀ ਫੇਸ ਨੂੰ ਵੀ ਮਾਤ ਦੇ ਰਹੇ ਹਨ।2017 ‘ਚ ਕਾਂਗਰਸ ਪਾਰਟੀ ‘ਚ ਆਉਣ ਤੋਂ ਬਾਅਦ ਸਾਰੇ ਉਮੀਦਵਾਰਾਂ ਦੀ ਡਿਮਾਂਡ ਸੀ ਕਿ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਲਈ ਆਉਣ ਪਰ ਇਸ ਵਾਰ ਸਭ ਬਦਲ ਗਿਆ ਹੈ ਇਸ ਵਾਰ ਉਮੀਦਵਾਰ ਚੋਣ ਪ੍ਰਚਾਰ ਲਈ ਚੰਨੀ ਦੀ ਡਿਮਾਂਡ ਕਰ ਰਹੇ ਹਨ।
ਚਰਨਜੀਤ ਸਿੰਘ ਚੰਨੀ ਭਾਵੇਂ ਦੋ ਵਿਧਾਨਸਭਾ ਹਲਕੇ ਚੰਮਕੌਰ ਸਾਹਿਬ ਤੇ ਭਦੌਡ਼ ਤੋਂ ਚੋਣਾਂ ਲਡ਼ ਰਹੇ ਹਨ, ਪਰ ਰੋਜ਼ਾਨਾ ਉਨ੍ਹਾਂ ਨੂੰ ਚਾਰ ਤੋਂ ਪੰਜ ਹਲਕਿਆਂ ‘ਚ ਚੋਣ ਪ੍ਰਚਾਰ ਕਰਨ ਲਈ ਜਾਣਾ ਪੈਂਦਾ ਹੈ। ਉੱਥੇ ਹੀ ਨਵਜੋਤ ਸਿੰਘ ਸਿੱਧੂ ਇਕ ਹੀ ਹਲਕੇ ਤੋਂ ਚੋਣਾਂ ਲਡ਼ ਰਹੇ ਹਨ ਪਰ ਉਹ ਪੂਰਾ ਦਿਨ ਉੱਥੋਂ ਹੀ ਨਹੀਂ ਨਿਕਲ ਪਾ ਰਹੇ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੀ ਅੰਮ੍ਰਿਤਸਰ ਪੂਰਬੀ ਸੀਟ ‘ਤੇ ਸਖ਼ਤ ਚੁਣੌਤੀ ਦਿੰਦੇ ਨਜ਼ਰ ਆ ਰਹੇ ਹਨ। ਸਿੱਧੂ ਅਤੇ ਮਜੀਠੀਆ ਦੀ ਸਿਆਸੀ ਦੁਸ਼ਮਣੀ ਕਿਸੇ ਤੋਂ ਲੁਕੀ ਨਹੀਂ ਹੈ। । ਅਜਿਹੇ ‘ਚ ਸਿੱਧੂ ਆਪਣੇ ਹਲਕੇ ਤੋਂ ਬਾਹਰ ਦੀਆਂ ਗਤੀਵਿਧੀਆਂ ‘ਚ ਘੱਟ ਹਿੱਸਾ ਲੈ ਰਹੇ ਹਨ।
ਦਾਖਲਾ ਪ੍ਰਕਿਰਿਆ ਪੂਰੀ ਹੋਣ ਤੋਂ ਪੰਜ ਦਿਨ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਹੁਣ ਤੱਕ ਨਵਜੋਤ ਸਿੰਘ ਸਿੱਧੂ ਆਪਣੇ ਵਿਧਾਨ ਸਭਾ ਹਲਕੇ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਲਈ ਵੋਟਾਂ ਮੰਗਦੇ ਨਜ਼ਰ ਨਹੀਂ ਆਏ, ਜਦਕਿ ਸਿੱਧੂ ਟਿਕਟਾਂ ਦੀ ਵੰਡ ਤੋਂ ਪਹਿਲਾਂ ਇੱਕ ਦਿਨ ‘ਚ ਦੋ ਰੈਲੀਆਂ ਕਰਕੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦੇ ਨਜ਼ਰ ਆਉਂਦੇ ਸਨ | ਟਿਕਟਾਂ ਦੇ ਉਮੀਦਵਾਰਾਂ ਦੀ ਪਹਿਲੀ ਪਸੰਦ ਨਵਜੋਤ ਸਿੰਘ ਸਿੱਧੂ ਹੁੰਦੇ ਸਨ ਪਰ ਟਿਕਟਾਂ ਦੀ ਵੰਡ ਅਤੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਤੋਂ ਬਾਅਦ ਕਾਂਗਰਸ ਦੀ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ। ਹੁਣ ਚੰਨੀ ਪੂਰੇ ਪੰਜਾਬ ਦਾ ਦੌਰਾ ਕਰ ਰਹੇ ਹਨ ਅਤੇ ਸਿੱਧੂ ਸਿਰਫ਼ ਅੰਮ੍ਰਿਤਸਰ ਤੱਕ ਹੀ ਸੀਮਤ ਰਹਿ ਗਏ ਹਨ।