ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬ ’ਚ 2017 ਦੇ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਮੌਡ਼ ਮੰਡੀ (Maur Mandi) ’ਚ ਹੋਏ ਬੰਬ ਧਮਾਕੇ (Bomb Blast) ਮਾਮਲੇ ’ਚ ਹੁਣ ਤਕ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰੀ ਨਾ ਹੋਣ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਮੰਗਲਵਾਰ ਨੂੰ ਹਾਈ ਕੋਰਟ (Punjab & Haryana High Court) ਨੇ ਪੰਜਾਬ ਸਰਕਾਰ (Punjab Govt) ਕੋਲੋਂ ਹੁਣ ਤਕ ਹੋਈ ਜਾਂਚ ਤੇ ਕਾਰਵਾਈ ਦੀ ਸਟੇਟਸ ਰਿਪੋਰਟ (Status Report) ਮੰਗੀ ਹੈ।
ਚੀਫ ਜਸਟਿਸ ਰਵੀ ਸ਼ੰਕਰ ਝਾਅ ਤੇ ਜਸਟਿਸ ਅਰੁਣ ਪੱਲੀ ਦੇ ਬੈਂਚ ਨੇ ਇਹ ਆਦੇਸ਼ ਗੁਰਜੀਤ ਸਿੰਘ ਪਾਤਡ਼ਾਂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਅਗਲੀ ਸੁਣਵਾਈ ’ਤੇ ਸਟੇਟਸ ਰਿਪੋਰਟ ਪੇਸ਼ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਪਾਤਡ਼ਾਂ ਨੇ 2020 ’ਚ ਹਾਈ ਕੋਰਟ ’ਚ ਅਰਜ਼ੀ ਦਾਇਰ ਕਰ ਦੱਸਿਆ ਸੀ ਕਿ ਇਸ ਮਾਮਲੇ ’ਚ ਡੇਰੇ ਦਾ ਨਾਮ ਵੀ ਸਾਹਮਣੇ ਆਇਆ ਹੈ। ਜਿਸ ਕਾਰ ਤੋਂ ਧਮਾਕਾ ਹੋਇਆ ਸੀ ਉਹ ਡੇਰੇ ’ਚ ਅਸੈਂਬਲ ਹੋਈ ਸੀ ਤੇ ਡੇਰਾ ਹਰਿਆਣਾ ’ਚ ਹੈ। ਇਹ ਅੰਤਰਰਾਜੀ ਮਾਮਲਾ ਤੇ ਇਸਦੀ ਜਾਂਚ ਪੰਜਾਬ ਪੁਲਿਸ ਦੀ ਬਜਾਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਸ ਸਮੇਂ ਪੰਜਾਬ ਸਰਕਾਰ ਦੇ ਭਰੋਸੇ ’ਤੇ ਹਾਈ ਕੋਰਟ ਨੇ ਮਾਮਲੇ ਦੀ ਐੱਨਆਈਏ ਤੋਂ ਜਾਂਚ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ ਤੇ ਪੰਜਾਬ ਪੁਲਿਸ ਦੁਆਰਾ ਗਠਿਤ ਐੱਸਆਈਟੀ ਨੂੰ ਅੱਗੇ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਸੀ। ਇਸ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ’ਤੇ ਹਾਈ ਕੋਰਟ ਨੇ ਨਵੇਂ ਸਿਰਿਓਂ ਐੱਸਆਈਟੀ ਗਠਿਤ ਕਰ ਜਾਂਚ ਕਰਨ ਦੇ ਆਦੇਸ਼ ਦਿੱਤੇ। ਨਵੀਂ ਐੱਸਆਈਟੀ ਮਾਮਲੇ ਦੀ ਜਾਂਚ ਪੂਰੀ ਕਰ ਕਰ ਚੁੱਕੀ ਹੈ ਤੇ ਹੇਠਲੀ ਅਦਾਲਤ ’ਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ। ਪਰੰਤੂ ਹੁਣ ਤਕ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਹਾਈ ਕੋਰਟ ਕਹਿ ਚੁੱਕਾ ਹੈ ਕਿ ਜਲਦ ਤੋਂ ਜਲਦ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਫਡ਼ਿਆ ਜਾਵੇ, ਇਸ ਦੇ ਬਾਵਜੂਦ ਹੁਣ ਤਕ ਅੱਗੇ ਕੋਈ ਕਾਰਵਾਈ ਨਹੀਂ ਹੋਈ ਹੈ।