
ਚੰਡੀਗੜ੍ਹ (ਮੀਡੀਆ ਬਿਊਰੋ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜਿਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਹਾਈਕੋਰਟ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਸਰਕਾਰਾਂ ਪ੍ਰੇਮ ਵਿਆਹ ਕਰਵਾ ਕੇ ਸੁਰੱਖਿਆ ਮੰਗਣ ਵਾਲੇ ਜੋੜਿਆਂ ਲਈ ਪੋਰਟਲ ਅਤੇ ਐਪ ਦੀ ਸਹੂਲਤ ਮੁਹੱਈਆ ਕਰਵਾਉਣ। ਇਸ ਸਬੰਧੀ ਹਾਈਕੋਰਟ ਨੇ ਦੋਹਾਂ ਸੂਬਾ ਸਰਕਾਰਾਂ ਤੋਂ ਰਿਪੋਰਟ ਤਲਬ ਕੀਤੀ ਹੈ।
ਹਰਿਆਣਾ ਅਤੇ ਪੰਜਾਬ ਸਰਕਾਰ ਵੱਲੋਂ ਆਪਣਾ-ਆਪਣਾ ਪੱਖ ਹਾਈਕੋਰਟ ‘ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਦੱਸਿਆ ਗਿਆ ਹੈ ਕਿ ਅਜਿਹੇ ਜੋੜਿਆਂ ਦੀ ਸੁਰੱਖਿਆ ਸਬੰਧੀ ਚੰਡੀਗੜ੍ਹ ਪੁਲਸ ਨੇ ਵੈੱਬਸਾਈਟ ‘ਤੇ ਲਿੰਕ ਦਿੱਤਾ ਹੈ। ਇਸ ਤਰ੍ਹਾਂ ਜੋੜਿਆਂ ਨੂੰ ਸ਼ਿਕਾਇਤ ਦੇਣ ਲਈ ਨਿੱਜੀ ਤੌਰ ‘ਤੇ ਮੌਜੂਦ ਰਹਿਣ ਦੀ ਲੋੜ ਨਹੀਂ ਪਵੇਗੀ। ਪੰਜਾਬ ਸਰਕਾਰ ਵੱਲੋਂ ਵੀ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਜੋੜਿਆਂ ਦੀ ਸੁਰੱਖਿਆ ਲਈ ਹੈਲਪਾਈਨ ਨੰਬਰ ਦੀ ਸਹੂਲਤ ਦਿੱਤੀ ਜਾਵੇਗੀ।