ਹੈਲਪਲਾਈਨ ਨੰਬਰ 1100 ਤੇ ਸਾਰਿਆਂ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਹੋਣਗੀਆਂ ਹੱਲ

ਚੰਡੀਗੜ੍ਹ (ਮੀਡੀਆ ਬਿਊਰੋ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਰ ਐਮਰਜੈਂਸੀ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਸਰਕਾਰੀ ਸੇਵਾਵਾਂ ਲਈ 1100 ਹੈਲਪਲਾਈਨ ਨੰਬਰ ਦੀ ਸ਼ੁਰੂਆਤ ਆਨਲਾਈਨ ਵਰਚੁਅਲ ਸਮਾਗਮ ਰਾਹੀਂ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਾਰੇ ਸਰਕਾਰੀ ਕਾਲਜਾਂ ਲਈ ਆਨਲਾਈਨ ਰਾਜ ਦਾਖਲਾ ਪੋਰਟਲ ਵੀ ਲਾਂਚ ਕੀਤਾ ਗਿਆ। ਇਸ ਵਰਚੁਅਲ ਸਮਾਗਮ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ. ਗੁਰਪਾਲ ਸਿੰਘ ਚਾਹਲ ਵੀ ਜੁੜੇ।

ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰ. ਰਵਿੰਦਰ ਸਿੰਘ, ਡਿਪਟੀ ਕਮਿਸ਼ਨਰ ਮੋਗਾ ਸ੍ਰੀ. ਸੰਦੀਪ ਹੰਸ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਫਿਰੋਜ਼ਪੁਰ ਲਾਤੀਫ ਅਹਿਮਦ ਵੀ ਮੌਜੂਦ ਸਨ। ਇਸ ਵਰਚੁਅਲ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਯੂਨੀਫਾਈਡ ਸਟੇਟ ਹੈਲਪਲਾਈਨ ਨੰਬਰ 1100 ਸੁਰੂ ਕੀਤਾ ਗਿਆ ਹੈ ਇਸ ਤੇ ਸਾਰੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਿਭਾਗ ਨਾਲ ਸਬੰਧਤ ਕੋਈ ਸਮੱਸਿਆ ਜਾਂ ਸ਼ਿਕਾਇਤ ਕਰਨੀ ਹੋਵੇ ਤਾ ਉਹ 1100 ਨੰਬਰ ਤੇ ਕਰ ਸਕਦਾ ਹੈ। ਜਿਸਦਾ ਪੰਜਾਬ ਸਰਕਾਰ ਵੱਲੋਂ ਜਲਦੀ ਹੱਲ ਕੀਤਾ ਜਾਵੇਗਾ ਅਤੇ ਸਮੱਸਿਆ ਦਾ ਘਰ ਬੈਠੇ ਹੀ ਮਸਲਾ ਹੱਲ ਹੋ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਪੂਰੇ ਸੂਬੇ ਦੇ ਕਾਲਜਾਂ ਵਿੱਚ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕਲਾਸਾਂ ਵਿੱਚ ਦਾਖਲਾ ਲੈਣ ਲਈ ਸਟੇਟ ਐਡਮਿਸ਼ਨ ਪੋਰਟਲ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ ਕਿਉਕਿ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਵੱਖ ਵੱਖ ਕਾਲਜਾਂ ਵਿੱਚ ਜਾ ਕੇ ਪ੍ਰਾਸਪੈਕਟ ਨਹੀਂ ਖਰੀਦਣਾ ਪਵੇਗਾ। ਦਾਖਲੇ ਸਬੰਧੀ ਸਾਰੀ ਜਾਣਕਾਰੀ ਇਸ ਪੋਰਟਲ ਤੇ ਹੀ ਉਪਲੱਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਵੱਖ ਵੱਖ ਕਾਲਜਾਂ ਵਿੱਚ ਲੰਮੀਆ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਪ੍ਰਾਸਪੈਕਟਸ ਖਰੀਦਣੇ ਪੈਦੇ ਸਨ ਤੇ ਇਸਦੇ ਨਾਲ ਹੋਰ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਵਧੇਰੇ ਖਰਚਾ ਵੀ ਚੁੱਕਣਾ ਪੈਂਦਾ ਸੀ। ਪ੍ਰੰਤੂ ਪੋਰਟਲ ਦੇ ਸ਼ੁਰੂ ਹੋਣ ਨਾਲ ਘਰ ਬੈਠਿਆਂ ਹੀ ਦਾਖਲੇ ਸਬੰਧੀ ਕਾਲਜਾਂ ਬਾਰੇ ਜਾਣਕਾਰੀ ਹਾਸਲ ਕਰਕੇ ਆਨਲਾਈਨ ਰਜਿਸ਼ਟਰੇਸ਼ਨ ਕਰਵਾਈ ਜਾ ਸਕਦੀ ਹੈ।

Share This :

Leave a Reply