ਟੈਕਸਾਸ ਵਿਚ ਭਾਰੀ ਬਾਰਸ਼ ਨੇ ਹੜ ਵਰਗੇ ਹਾਲਾਤ ਪੈਦਾ ਕੀਤੇ, ਜਨਜੀਵਨ ਉਪਰ ਵਿਆਪਕ ਅਸਰ, ਗਵਰਨਰ ਨੇ ਸੰਭਾਵੀ ਹੰਗਾਮੀ ਸਥਿੱਤੀ ਨਾਲ ਨਜਿੱਠਣ ਦੇ ਦਿੱਤੇ ਨਿਰਦੇਸ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਟੈਕਸਾਸ ਤੋਂ ਲੂਈਸਿਆਨਾ ਤੱਕ ਪਿਛਲੇ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਹੂਸਟਨ ਵਿਚ ਪਿਛਲੇ 23 ਦਿਨਾਂ ਦੌਰਾਨ 19 ਦਿਨ ਬਾਰਿਸ਼ ਹੋਈ ਹੈ ਜਿਸ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜਰ ਆ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਟੈਕਸਾਸ ਤੋਂ ਲੂਈਸਿਆਨਾ ਤੱਕ ਭਾਰੀ ਬਾਰਿਸ਼ ਪੈਣ ਦਾ ਅਨੁਮਾਨ ਹੈ ਜਿਸ ਨਾਲ ਖੇਤਰ ਵਿਚ ਹੜ ਆ ਸਕਦੇ ਹਨ।

 ਵਿਕਟੋਰੀਆ, ਟੈਕਸਾਸ ਵਿਚ ਪਿਛਲੇ ਮਈ ਮਹੀਨੇ ਦੌਰਾਨ 20.28 ਇੰਚ ਬਾਰਿਸ਼ ਹੋਈ ਹੈ ਜਿਸ ਨੇ ਪਿਛਲੇ ਤਕਰੀਬਨ 30 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। 1993 ਦੇ ਮਈ ਮਹੀਨੇ ਵਿਚ ਵਿਕਟੋਰੀਆ ਵਿੱਚ 14 ਇੰਚ ਬਾਰਿਸ਼ ਰਿਕਾਰਡ ਹੋਈ ਸੀ। ਹੂਸਟਨ ਵਿਚ 11 ਮਈ ਤੋਂ 3 ਜੂਨ ਤੱਕ ਤਕਰੀਬਨ 14 ਇੰਚ ਬਾਰਿਸ਼ ਹੋਈ ਹੈ। ਭਾਰੀ ਬਾਰਿਸ਼ ਦੀ ਚਿਤਾਵਨੀ ਦੇ ਮੱਦੇਨਜਰ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਨੇ ਕਿਸੇ ਵੀ ਹੰਗਾਮੀ ਸਥਿੱਤੀ ਨਾਲ ਨਜਿੱਠਣ ਲਈ ਸਬੰਧਤ ਵਿਭਾਗਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਹੈ ਇਨਾਂ ਵਿਚ ਵੱਖ ਵੱਖ ਵਿਭਾਗਾਂ ਦੇ ਕਿਸ਼ਤੀ ਦਸਤੇ, ਬਚਾਅ ਟੀਮਾਂ, ਉੱਚ ਸਮਰੱਥਾ ਵਾਲੀਆਂ ਗੱਡੀਆਂ ਤੇ ਹੈਲੀਕਾਪਟਰ ਸ਼ਾਮਿਲ ਹਨ। ਗਵਰਨਰ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ” ਇਸ ਸਾਲ ਬਹਾਰ ਰੁੱਤ ਦੌਰਾਨ ਅਣਕਿਆਸੀ ਬਾਰਿਸ਼ ਹੋ ਰਹੀ ਹੈ ਤੇ ਬਹੁਤ ਸਾਰੀਆਂ ਥਾਵਾਂ ‘ਤੇ ਹੜ ਵਰਗੇ ਹਾਲਾਤ ਬਣ ਗਏ ਹਨ। ਰਾਜ ਦੇ ਸਮੁੱਚੇ ਪੂਰਬੀ ਤੇ ਦੱਖਣੀ ਖੇਤਰਾਂ ਵਿਚ ਲੋਕ  ਚੌਕਸ ਰਹਿਣ ਤੇ ਉਹ ਸਥਾਨਕ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।” ਬਾਰਿਸ਼ ਨੇ ਜਨ ਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਹੋਰ ਸਰਗਰਮਗੀਆਂ ਦੇ ਨਾਲ ਨਾਲ ਆਰਥਿਕ ਗਤੀਵਿਧੀਆਂ ਵੀ ਪ੍ਰਭਾਵਿਤ ਹੋਈਆਂ ਹਨ।

Share This :

Leave a Reply