ਸੈਕਰਾਮੈਂਟੋ (ਹੁਸਨ ਲੜੋਆ ਬੰਗਾ) 73 ਸਾਲਾ ਰੇਅ ਡੇਮੋਨੀਆ ਨਾਮੀ ਵਿਅਕਤੀ ਕੋਵਿਡ-19 ਦਾ ਮਰੀਜ਼ ਨਹੀਂ ਸੀ ਪਰੰਤੂ ਉਹ ਅਸਿੱਧੇ ਤੌਰ ‘ਤੇ ਕੋਵਿਡ ਮਰੀਜ਼ਾਂ ਕਾਰਨ ਹੀ ਇਸ ਦੁਨੀਆ ਨੂੰ ਅਲਵਿੱਦਾ ਕਹਿ ਗਿਆ। ਉਹ ਦਿੱਲ ਦਾ ਮਰੀਜ਼ ਸੀ ਤੇ ਉਸ ਨੂੰ ਆਈ ਸੀ ਯੂ ਬੈੱਡ ਦੀ ਲੋੜ ਸੀ। 43 ਹਸਪਤਾਲਾਂ ਵਿਚ ਕੋਈ ਵੀ ਆਈ ਸੀ ਯੂ ਬੈੱਡ ਖਾਲੀ ਨਹੀਂ ਸੀ ਤੇ ਸਾਰੇ ਆਈ ਸੀ ਯੂ ਬੈੱਡ ਕੋਵਿਡ ਮਰੀਜ਼ਾਂ ਨੇ ਮੱਲ ਰਖੇ ਸਨ।
ਕੂਲਮੈਨਨ, ਅਲਾਬਾਮਾ ਵਾਸੀ ਰੇਅ ਡੇਮੋਨੀਆ ਨੇ ਆਪਣੇ ਘਰ ਤੋਂ 200 ਮੀਲ ਦੂਰ ਮਿਸੀਸਿਪੀ ਦੇ ਹਸਪਤਾਲ ਵਿਚ ਆਈ ਸੀ ਯੂ ਬੈੱਡ ਦੀ ਅਣਹੋਂਦ ਵਿਚ ਦਮ ਤੋੜ ਦਿੱਤਾ। ਇਹ ਜਾਣਕਾਰੀ ਮ੍ਰਿਤਕ ਦੀ ਧੀ ਰੈਵਨ ਡੋਮੋਨੀਆ ਨੇ ਮੀਡੀਆ ਨੂੰ ਦਿੱਤੀ ਹੈ। ਡੇਮੋਨੀਆ ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਟੀਕਾਕਰਣ ਕਰਵਾਉਣ ਤਾਂ ਜੋ ਹਸਪਤਾਲਾਂ ਵਿਚ ਦਾਖਲ ਹੋਣ ਤੋਂ ਬਚਿਆ ਜਾ ਸਕੇ।