ਨਵੀਂ ਦਿੱਲੀ, ਮੀਡੀਆ ਬਿਊਰੋ:
ਯੂਕਰੇਨ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਦਿੱਲੀ ਦੇ ਛੱਤਰਪੁਰ ਐਕਸਟੈਨਸ਼ਨ ਦਾ ਰਹਿਣ ਵਾਲਾ ਹਰਜੋਤ ਸਿੰਘ (31) ਸੋਮਵਾਰ ਨੂੰ ਦਿੱਲੀ ਪਹੁੰਚੇਗਾ। ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ- ‘ਹਰਜੋਤ ਸਿੰਘ ਉਹ ਭਾਰਤੀ ਹੈ ਜਿਸ ਨੂੰ ਕੀਵ ‘ਚ ਜੰਗ ਦੌਰਾਨ ਗੋਲ਼ੀ ਲੱਗ ਗਈ ਸੀ। ਹਫੜਾ-ਦਫੜੀ ‘ਚ ਪਾਸਪੋਰਟ ਵੀ ਗੁੰਮ ਹੋ ਗਿਆ। ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹਰਜੋਤ ਸੋਮਵਾਰ ਨੂੰ ਸਾਡੇ ਨਾਲ ਭਾਰਤ ਪਹੁੰਚ ਰਿਹਾ ਹੈ। ਉਮੀਦ ਹੈ ਕਿ ਉਹ ਘਰੇਲੂ ਭੋਜਨ ਤੇ ਦੇਖਭਾਲ ਨਾਲ ਜਲਦੀ ਠੀਕ ਹੋ ਜਾਵੇਗਾ।’
ਹਰਜੋਤ ਦੇ ਭਰਾ ਪ੍ਰਭਜੋਤ ਸਿੰਘ ਨੇ ਦੈਨਿਕ ਜਾਗਰਣ ਨੂੰ ਦੱਸਿਆ ਕਿ ਉਨ੍ਹਾਂ ਦੀ ਹਰਜੋਤ ਨਾਲ ਕੋਈ ਗੱਲ ਨਹੀਂ ਹੋਈ। ਉਸਦਾ ਮੋਬਾਈਲ ਬੰਦ ਹੈ। ਉਨ੍ਹਾਂ ਨੂੰ ਇਸ ਬਾਰੇ ਕੇਂਦਰੀ ਮੰਤਰੀ ਦੇ ਟਵੀਟ ਅਤੇ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ ਹੈ। ਹਰਜੋਤ ਦਾ ਪਰਿਵਾਰ ਮੂਲ ਰੂਪ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦਾ ਰਹਿਣ ਵਾਲਾ ਹੈ।
ਕਰੀਬ 16 ਹਜ਼ਾਰ ਭਾਰਤੀਆਂ ਨੂੰ ਲਿਆਂਦਾ ਗਿਆ ਵਾਪਸ
ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਚਲਾਏ ਜਾ ਰਹੇ ਆਪਰੇਸ਼ਨ ਗੰਗਾ ਤਹਿਤ ਹੁਣ ਤਕ 15,920 ਭਾਰਤੀਆਂ ਨੂੰ 76 ਉਡਾਣਾਂ ਰਾਹੀਂ ਵਾਪਸ ਲਿਆਂਦਾ ਜਾ ਚੁੱਕਾ ਹੈ। ਹੁਣ ਤਕ ਭਾਰਤੀ ਹਵਾਈ ਸੈਨਾ ਦੇ 10 ਜਹਾਜ਼ ਵੀ ਉਡਾਣ ਭਰ ਚੁੱਕੇ ਹਨ ਅਤੇ ਉਨ੍ਹਾਂ ਨੇ 26 ਟਨ ਰਾਹਤ ਸਮੱਗਰੀ ਪਹੁੰਚਾਈ ਹੈ। ਹੰਗਰੀ ਸਥਿਤ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਭਾਰਤੀਆਂ ਨੂੰ ਕੱਢਣ ਦਾ ਆਪ੍ਰੇਸ਼ਨ ਖਤਮ ਹੋਣ ਵਾਲਾ ਹੈ ਕਿਉਂਕਿ ਇਸ ਆਪਰੇਸ਼ਨ ਦਾ ਆਖਰੀ ਪੜਾਅ ਸ਼ੁਰੂ ਹੋ ਰਿਹਾ ਹੈ।
ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੇ ਆਪਣਾ ਹਵਾਈ ਖੇਤਰ ਨਾਗਰਿਕ ਉਡਾਣਾਂ ਲਈ ਬੰਦ ਕਰ ਦਿੱਤਾ ਸੀ। ਉਦੋਂ ਤੋਂ ਉਥੇ ਫਸੇ ਭਾਰਤੀ ਗੁਆਂਢੀ ਦੇਸ਼ਾਂ ਰੋਮਾਨੀਆ, ਪੋਲੈਂਡ, ਹੰਗਰੀ, ਸਲੋਵਾਕੀਆ ਤੇ ਮੋਲਡੋਵਾ ਪਹੁੰਚ ਰਹੇ ਹਨ ਅਤੇ ਉਥੋਂ ਵਾਪਸ ਲਿਆ ਰਹੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ 11 ਵਿਸ਼ੇਸ਼ ਉਡਾਣਾਂ ਰਾਹੀਂ 2,135 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਸੋਮਵਾਰ ਨੂੰ ਅੱਠ ਵਿਸ਼ੇਸ਼ ਉਡਾਣਾਂ ਸੰਚਾਲਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ 1,500 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ।






















