ਹਰਭਜਨ ਸਿੰਘ, ਜੰਡਿਆਲਾ ਗੁਰੂ ਤੋਂ ਪਹਿਲੇ ਕੈਬਨਿਟ ਮੰਤਰੀ ਬਣੇ

ਜੰਡਿਆਲਾ ਗੁਰੂ, ਮੀਡੀਆ ਬਿਊਰੋ:

ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ (Jandiala Guru Constituency) ਤੋਂ ਆਮ ਆਦਮੀ ਪਾਰਟੀ (AAP) ਦੀ ਟਿਕਟ ’ਤੇ ਚੋਣ ਲਡ਼ ਕੇ ਸ਼ਹਿਰ ਜੰਡਿਆਲਾ ਦੇ ਜੰਮਪਲ ਤੇ ਰਹਿਣ ਵਾਲੇ ਵਿਧਾਇਕ ਬਣੇ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਸ਼ਨਿਚਰਵਾਰ ਨੂੰ 16ਵੀਂ ਪੰਜਾਬ ਵਿਧਾਨ ਸਭਾ (16th Punjab Vidhan Sabha) ਦੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਸ਼ਹਿਰ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਹਰਭਜਨ ਸਿੰਘ ਈਟੀਓ ਆਪਣੀ ਮਿਹਨਤ ਸਦਕਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਬਣੇ ਅਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਬਣ ਗਏ ਹਨ, ਜੋ ਕਿ ਇਤਿਹਾਸ ਵਿਚ ਪਹਿਲਾਂ ਕਦੇ ਵੀ ਜੰਡਿਆਲਾ ਗੁਰੂ ਸ਼ਹਿਰ ਦਾ ਰਹਿਣ ਵਾਲਾ ਕੋਈ ਵਿਅਕਤੀ ਅਜੇ ਤਕ ਵਿਧਾਇਕ ਜਾਂ ਮੰਤਰੀ ਨਹੀਂ ਬਣਿਆ ਅਤੇ ਨਾ ਹੀ ਕਿਸੇ ਪਾਰਟੀ ਨੇ ਸ਼ਹਿਰ ਦੇ ਰਹਿਣ ਵਾਲੇ ਵਸਨੀਕ ਨੂੰ ਕਦੇ ਵਿਧਾਨ ਸਭਾ ਲਈ ਟਿਕਟ ਦਿੱਤੀ ਹੈ। ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਨਵੇਂ ਬਣੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਜਨਮ 14 ਦਸੰਬਰ 1968 ਨੂੰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਪਿਤਾ ਦਰਸ਼ਨ ਸਿੰਘ ਦੇ ਘਰ ਸ਼ਹਿਰ ਜੰਡਿਆਲਾ ਗੁਰੂ ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਪਾਸ ਕੀਤੀ। ਬੀਏ, ਐੱਮਏ, ਐੱਮਏਬੀਐੱਡ ਦੀ ਸਿੱਖਿਆ ਪ੍ਰਾਪਤ ਕਰ ਕੇ ਉਹ ਸ਼ਹਿਰ ਜੰਡਿਆਲਾ ਗੁਰੂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਤੌਰ ਅਧਿਆਪਕ ਨਿਯੁਕਤ ਹੋਏ ਅਤੇ ਫਿਰ ਲੈਕਚਰਾਰ ਬਣਨ ਤੋਂ ਬਾਅਦ ਪੀਸੀਐੱਸ ਦੀ ਵੱਕਾਰੀ ਪ੍ਰੀਖਿਆ ਤਿਆਰੀ ਕਰਕੇ ਪਾਸ ਕੀਤੀ ਅਤੇ ਜ਼ਿਲ੍ਹਾ ਅੰਮ੍ਰਿਤਸਰ-2 ਦੇ ਈਟੀਓ ਵਜੋਂ ਨਿਯੁਕਤ ਹੋਏ। ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਜੰਡਿਆਲਾ ਗੁਰੂ ਤੋਂ ਪਾਰਟੀ ਉਮੀਦਵਾਰ ਬਣਾਇਆ ਤੇ ਉਨ੍ਹਾਂ ਈਟੀਓ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਚੋਣ ਲਡ਼ੀ ਤੇ ਹਾਰ ਗਏ।

ਹਰਭਜਨ ਸਿੰਘ ਈਟੀਓ ਨੇ ਇਸ ਹਾਰ ਨੂੰ ਜਿੱਤ ਵਿਚ ਬਦਲਣ ਲਈ ਦਿਨ-ਰਾਤ ਮਿਹਨਤ ਕਰਕੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਰਹੇ ਅਤੇ 2022 ਦੀਆਂ ਵਿਧਾਨ ਸਭਾ ਚੋਣ ਲਡ਼ਨ ਲਈ ਪੂਰੀ ਤਿਆਰੀ ਵਿਚ ਰਹੇ। ਪਾਰਟੀ ਹਾਈ ਕਮਾਂਡ ਨੇ ਹਰਭਜਨ ਸਿੰਘ ਈਟੀਓ ’ਤੇ ਦੂਜੀ ਵਾਰ ਵਿਸ਼ਵਾਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਦੁਬਾਰਾ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਜੰਡਿਆਲਾ ਗੁਰੂ ਹਲਕੇ ਤੋਂ ਉਮੀਦਵਾਰ ਐਲਾਨਿਆ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਕੇ ਵਿਧਾਇਕ ਬਣ ਗਏ। ਪਾਰਟੀ ਹਾਈ ਕਮਾਂਡ ਨੇ ਵਧੀਆ ਕਾਰਗੁਜ਼ਾਰੀ ਨੂੰ ਵੇਖਦਿਆਂ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਕੈਬਨਿਟ ਮੰਤਰੀ ਬਣਾ ਦਿੱਤਾ। ਹਲਕਾ ਜੰਡਿਆਲਾ ਗੁਰੂ ਦੇ ਇਤਿਹਾਸ ਵਿਚ ਪਹਿਲੀ ਵਾਰ ਸ਼ਹਿਰ ਦੇ ਵਸਨੀਕ ਹਰਭਜਨ ਸਿੰਘ ਈਟੀਓ ਮੰਤਰੀ ਬਣ ਕੇ ਆਉਣਗੇ ਅਤੇ ਸ਼ਹਿਰ ਵਾਸੀ ਇਸ ਗੱਲ ’ਤੇ ਮਾਣ ਮਹਿਸੂਸ ਕਰ ਰਹੇ ਹਨ। ਹਰਭਜਨ ਦੇ ਕੈਬਨਿਟ ਮੰਤਰੀ ਪੰਜਾਬ ਬਣਨ ਕਾਰਨ ਸ਼ਹਿਰ ਵਾਸੀ ਕਾਫੀ ਖੁਸ਼ ਹਨ ਤੇ ਵੱਡੀਆਂ ਆਸਾਂ ਲਗਾ ਰਹੇ ਸਨ।

Share This :

Leave a Reply