ਬਰਨਾਲਾ, ਮੀਡੀਆ ਬਿਊਰੋ:
ਓ ਸਕਿਉਰਿਟੀ ਪਾਸੇ ਹੋ ਜਾਓ ਮੈਨੂੰ ਕੋਈ ਨਹੀਂ ਮਾਰਦਾ। ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਤੇ ਜ਼ਿਲ੍ਹਾ ਬਰਨਾਲਾ ਦੇ ਰਾਖਵਾਂ ਹਲਕਾ ਭਦੌੜ ਤੋਂ ਚੋਣ ਲੜ ਰਹੇ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕੇ ਦੀ ਫੇਰੀ ਦੌਰਾਨ ਪਹਿਲੇ ਪਿੰਡ ਅਤਰ ਸਿੰਘ ਬਟਾਲਾ ਵਿਖੇ ਆਪਣੀ ਗੱਡੀ ਚੋਂ ਉਤਰਦਿਆਂ ਹੀ ਪੁਲਿਸ ਸੁਰੱਖਿਆ ਨੂੰ ਪਾਸੇ ਹੋਣ ਦੇ ਆਦੇਸ਼ ਜਾਰੀ ਕਰਦਿਆਂ ਕਹੇ। ਪਿੰਡ ਦੇ ਬਜ਼ੁਰਗਾਂ ਮਹਿਲਾਵਾਂ ਨੂੰ ਮੱਥਾ ਟੇਕ ਮੰਚ ਤੋਂ ਸੰਬੋਧਨ ਹੁੰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੁਹਾਡੇ ਪਿੰਡ ਕਦੇ ਕੋਈ ਪਹਿਲਾਂ ਮੁੱਖਮੰਤਰੀ ਆਇਆ ਜੇ ਨਹੀਂ ਆਇਆ ਤਾਂ ਮੈਨੂੰ ਹੱਥ ਲਾ ਕੇ ਵੇਖ ਲਓ ਮੈਂ ਮੁੱਖ ਮੰਤਰੀ ਹਾਂ, ਹਲਕਾ ਭਦੌੜ ਵਾਲਿਓ ਹੁਣ ਮੁੱਖ ਮੰਤਰੀ ਦੀ ਕੁਰਸੀ ਤੁਹਾਡੇ ਕੋਲ ਚੱਲ ਕੇ ਆਈ ਹੈ ਤੇ ਜਿੱਤਣ ਤੋਂ ਬਾਅਦ ਵੀ ਮੈਂ ਹਲਕੇ ਵਿਚ ਹੀ ਪੱਕੇ ਤੌਰ ‘ਤੇ ਰਹਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਚ ਮੁੜ ਕਾਂਗਰਸ ਦੀ ਸਰਕਾਰ ਬਣਨ ਤੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦਿਆਂ ਹੀ ਜਿੱਥੇ ਸਿੱਖਿਆ ਦਾ ਮਿਆਰ ਉੱਚਾ ਚੁੱਕਣਗੇ ਉਥੇ ਹੀ ਹਰ ਵਰਗ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ।
ਚੰਨੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਿੰਡ ਵਾਲਿਓ ਜੋ ਅੱਜ ਤੁਹਾਡੇ ਪਿੰਡ ‘ਚ ਵੱਡੀਆਂ ਵੱਡੀਆਂ ਗੱਡੀਆਂ ਆਈਆਂ ਨੇ ਇਹ ਰਾਜੇ ਤੋਂ ਖੋਹ ਕੇ ਲਿਆਂਦੀਆਂ ਨੇ, ਹੁਣ ਇਨ੍ਹਾਂ ਤੇ ਮੁੜ ਤੁਸੀਂ ਚੜ੍ਹਾਉਣਾ ਹੈ। ਥੋੜ੍ਹੇ ਦਿਨਾਂ ਚ ਵੱਡੇ ਫ਼ੈਸਲੇ ਕੀਤਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਮੈਨੂੰ ਸਮਾਂ ਥੋੜ੍ਹਾ ਮਿਲਿਆ ਸੀ ਪਰ ਮੈਂ ਥੋੜ੍ਹੇ ਸਮੇਂ ਵਿੱਚ ਹੀ ਵੱਡੇ ਐਲਾਨ ਕਰਕੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ ਜਿੱਥੇ ਮੈਂ ਬਿਜਲੀ ਸਸਤੀ ਕੀਤੀ ਹੈ ਉਥੇ ਹੀ ਪੈਟਰੋਲ ਡੀਜ਼ਲ ਦੀਆਂ ਦਰਾਂ ਵੀ ਘੱਟ ਕੀਤੀਆਂ ਹਨ। ਕੁਝ ਮਿੰਟਾਂ ਦੇ ਸੰਬੋਧਨ ਤੋਂ ਬਾਅਦ ਉਹ ਅਗਲੇ ਪਿੰਡ ਨੂੰ ਰਵਾਨਾ ਹੋ ਗਏ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਲੱਡੂਆਂ ਨਾਲ ਵੀ ਤੋਲਿਆ ਇਸ ਮੌਕੇ ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਬੀਬੀ ਸੁਰਿੰਦਰ ਕੌਰ ਵਾਲੀਆ, ਸੁਸ਼ੀਲ ਮਹਿਲ ਕਲਾਂ ਆਦਿ ਸਣੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।