
ਗਲਾਸਗੋ / ਗ੍ਰੇਵਜੈਂਡ (ਮਨਦੀਪ ਖੁਰਮੀ ਹਿੰਮਤਪੁਰਾ) ਵਿਦੇਸ਼ਾਂ ਦੀ ਧਰਤੀ ‘ਤੇ ਵੱਸਦੇ ਪੰਜਾਬੀਆਂ ਦਾ ਦਿਲ ਹਮੇਸ਼ਾ ਪੰਜਾਬ ਵਿੱਚ ਧੜਕਦਾ ਰਹਿੰਦਾ ਹੈ। ਪੰਜਾਬ ਦੇ ਪੈਰ ‘ਚ ਵੱਜੀ ਸੂਲ ਪੰਜਾਬੀ ਪੁੱਤਰਾਂ ਨੂੰ ਆਪਣੇ ਲਈ ਸੂਲੀ ਵਾਂਗ ਮਹਿਸੂਸ ਹੁੰਦੀ ਰਹਿੰਦੀ ਹੈ। ਕਿਸਾਨ ਮੋਰਚਾ ਸ਼ੁਰੂ ਹੋਇਆ ਤਾਂ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਦੇ ਜ਼ਿੰਮੇਵਾਰ ਜੀਅ ਗੁਰਤੇਜ ਸਿੰਘ ਪਨੂੰ ਪਲ – ਪਲ ਉਸ ਮੋਰਚੇ ਨਾਲ ਜੁਡ਼ਿਆ ਰਿਹਾ। ਉਨ੍ਹਾਂ ਦੇ ਜੱਦੀ ਪਿੰਡ ਨੌਸ਼ਹਿਰਾ ਪਨੂੰਆਂ ਤੋਂ ਦਿੱਲੀ ਮੋਰਚੇ ਵਿੱਚ ਲਗਾਏ ਜਾਂਦੇ ਰਹੇ ਲੰਗਰਾਂ ਪਿੱਛੇ ਗੁਰਤੇਜ ਸਿੰਘ ਪਨੂੰ ਤੇ ਸਾਥੀਆਂ ਦੀ ਮਿਹਨਤ ਬੋਲਦੀ ਰਹੀ। ਵਿਦੇਸ਼ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚੋਂ ਆਪਣਾ ਕੀਮਤੀ ਸਮਾਂ ਅਤੇ ਦਸਵੰਧ ਕਿਸਾਨ ਅੰਦੋਲਨ ਲੇਖੇ ਲਾਉਣ ਵਰਗੇ ਕਾਰਜਾਂ ਨੂੰ ਸ਼ਾਬਾਸ਼ ਕਹਿਣ ਹਿੱਤ ਚਡ਼੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਵੱਲੋਂ ਗੁਰਤੇਜ ਸਿੰਘ ਪਨੂੰ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।
ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ ਵਿਖੇ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਗੁਰਤੇਜ ਸਿੰਘ ਪਨੂੰ ਦਾ ਸਨਮਾਨ ਕਰਨ ਸਮੇਂ ਸੀਨੀਅਰ ਅਕਾਲੀ ਆਗੂ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਪੁੱਤਰ ਆਗਿਆਕਾਰ ਸਿੰਘ ਵਡਾਲਾ, ਪਰਮਿੰਦਰ ਸਿੰਘ ਮੰਡ, ਸੁਖਵੀਰ ਸਿੰਘ ਸਹੋਤਾ, ਡਾ: ਰਾਜਬਿੰਦਰ ਸਿੰਘ ਬੈਂਸ, ਸਿਕੰਦਰ ਸਿੰਘ ਬਰਾਡ਼, ਹਰਜਿੰਦਰ ਸਿੰਘ ਜੱਜ, ਗਿਆਨੀ ਮਾਹਲਾ ਸਿੰਘ, ਸ਼ੁਭਪ੍ਰੀਤ ਸਿੰਘ ਬਰਾਡ਼ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਗੁਰਤੇਜ ਸਿੰਘ ਪਨੂੰ ਦੇ ਸਪੁੱਤਰ ਅਰਾਧ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਵੀ ਕਰਵਾਏ ਗਏ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਮੰਡ ਨੇ ਕਿਹਾ ਕਿ ਗੁਰਤੇਜ ਸਿੰਘ ਪਨੂੰ ਸਾਡੀ ਸੰਸਥਾ ਦਾ ਜੁਝਾਰੂ ਯੋਧਾ ਹੈ। ਉਨ੍ਹਾਂ ਵੱਲੋਂ ਦਿੱਤਾ ਜਾਂਦਾ ਸਹਿਯੋਗ ਮਾਣਯੋਗ ਹੈ ਅਤੇ ਰਹੇਗਾ। ਸਨਮਾਨ ਉਪਰੰਤ ਗੁਰਤੇਜ ਸਿੰਘ ਪਨੂੰ ਨੇ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਸਰਗਰਮ ਰਹਿਣ ਦਾ ਵਾਅਦਾ ਦੁਹਰਾਇਆ ।