ਗੁਰੂ ਤੇਗ ਬਹਾਦੁਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੁੱਖਾਂ ਦਾ ਨਿਵਾਰਨ ਕਰ ਰਿਹਾ ਹੈ

ਪਟਿਆਲਾ, ਮੀਡੀਆ ਬਿਊਰੋ:

ਸ਼ਾਹੀ ਸਹਿਰ ਪਟਿਆਲਾ ਸਥਿਤ ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਸੁਭਾਇਮਾਨ ਹੈ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪਹਿਲੀ ਵਾਰ ਇਥੇ ਪੁੱਜੇ ਸਨ ਤਾਂ ਬੱਚਿਆਂ ਵਿਚ ਸੋਕੇ ਦੀ ਬਿਮਾਰੀ ਬਹੁਤ ਫੈਲੀ ਹੋਈ ਸੀ। ਉਸ ਸਮੇਂ ਉਨ੍ਹਾਂ ਹੁਕਮ ਦਿੱਤਾ ਸੀ ਕਿ ਜੋ ਵੀ ਵਿਅਕਤੀ ਸ਼ਰਧਾ ਨਾਲ ਸਰੋਵਰ ਵਿਚ ਇਸ਼ਨਾਨ ਕਰੇਗਾ, ਉਸ ਪ੍ਰਾਣੀ ਦੇ ਰੋਗ ਦੂਰ ਹੋ ਜਾਣਗੇ। ਉਸ ਦਿਨ ਤੋਂ ਸੰਗਤ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਰੋਗ ਮੁਕਤੀ ਲਈ ਨਤਮਸਤਕ ਹੋ ਰਹੀ ਹੈ।

ਬਹਾਦਰਗਡ਼੍ਹ ਤੋਂ ਚੱਲ ਕੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਇਕ ਸਿੱਖ ਭਾਈ ਭਾਗ ਰਾਮ ਦੀ ਬੇਨਤੀ ਮੰਨ ਕੇ (ਪਿੰਡ ਲਹਿਲ ਜੋ ਹੁਣ ਇਕ ਕਾਲੋਨੀ ਹੈ) ਵੱਲ ਇਕ ਪਾਣੀ ਦੇ ਟੋਭੇ ਦੇ ਕਿਨਾਰੇ ’ਤੇ 5 ਮਾਘ 1728 ਬਿਕਰਮੀ ਸੰਮਤ ਨੂੰ ਬਿਰਾਜਮਾਨ ਹੋਏ। ਲਹਿਲ ਪਿੰਡ ਵਿਚ ਉਸ ਸਮੇਂ ਬੱਚਿਆਂ ਦੀ ਸੋਕੇ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਸਾਹਿਬ ਨੇ ਬਚਨ ਕੀਤੇ ਇੱਥੇ ਬਸੰਤ ਪੰਚਮੀ ਨੂੰ ਇਸ਼ਨਾਨ ਕਰਨ ਵਾਲੇ ਨੂੰ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ। ਇਸ ਅਸਥਾਨ ’ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਕਰ ਕਮਲਾਂ ਨਾਲ ਲਿਖਿਆ ਹੋਇਆ ਹੁਕਮਨਾਮਾ ਸੁਸ਼ੋਭਿਤ ਹੈ।

ਗੁਰੂ ਤੇਗ ਬਹਾਦਰ ਸਾਹਿਬ ਦੋ ਵਾਰ ਪਧਾਰੇ

ਹਰਜੀਤ ਸਿੰਘ ਨਿੱਝਰ, ਬਹਾਦਰਗਡ਼੍ਹ : ਪਟਿਆਲਾ ਰਾਜਪੁਰਾ ਰੋਡ ’ਤੇ ਸਥਿਤ ਬਹਾਦਰਗਡ਼੍ਹ ਦਾ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਾਨ ਵਿਰਾਸਤ ਨੂੰ ਸੰਭਾਲੀ ਬੈਠਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਅਸਥਾਨ ’ਤੇ ਦੋ ਵਾਰ ਪਧਾਰੇ ਸਨ। ਪਹਿਲੀ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ 25 ਅੱਸੂ, 1722 ਬਿਕਰਮੀ, 1665 ਈ. ਨੂੰ ਦੁਸਹਿਰਾ ਦੇਖ ਕੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਤੇ ਹੋਰ ਤਕਰੀਬਨ 300 ਸਿੱਖਾਂ ਭਾਈ ਨੱਥੂ ਰਾਮ ਦਾ ਰਬਾਬੀ ਜੱਥਾ ਤੇ ਕਿਰਪਾਲ ਚੰਦ ਜੀ ਸਮੇਤ ਸੰਗਤਾਂ ਨਾਲ ਧਰਮ ਦਾ ਪ੍ਰਚਾਰ ਕਰਦੇ ਹੋਏ ਕੀਰਤਪੁਰ ਸਾਹਿਬ, ਘਨੌਲੀ, ਰੋਪਡ਼, ਕਲੌਡ਼, ਉਗਾਣਾ ਸਰਾਏ, ਨੌ ਲੱਖਾ, ਟਹਿਲਪੁਰਾ ਪੁੱਜੇ ਸਨ ਤਾਂ ਇਥੋਂ ਗੁਰੂ ਜੀ ਦਾ ਮੁਰੀਦ ਨਵਾਬ ਸੈਫ਼ਦੀਨ (ਬਾਬਾ ਸੈਫ਼ ਖਾਂ) ਅਰਜ਼ ਬੇਨਤੀ ਕਰ ਕੇ ਆਪਣੇ ਨਗਰ ਸੈਫ਼ਾਬਾਦ (ਬਹਾਦਰਗਡ਼੍ਹ) ਲੈ ਆਇਆ। ਇਥੇ ਗੁਰੂ ਸਾਹਿਬ ਨੇ ਪੰਚਵਟੀ ਬਾਗ ’ਚ ਡੇਰਾ ਕੀਤਾ। ਗੁਰੂ ਜੀ ਇਸ ਫੇਰੀ ਦੌਰਾਨ ਇਥੇ 9 ਦਿਨ ਰਹੇ ਜਿਸ ਦੌਰਾਨ ਨਵਾਬ ਸੈਫ਼ ਖਾਂ ਨੇ ਗੁਰੂ ਜੀ ਨੂੰ ਆਪਣੇ ਮਹਿਲੀਂ ਲੈ ਜਾ ਕੇ ਟਹਿਲ ਸੇਵਾ ਕੀਤੀ ਤੇ ਸੌਗਾਤਾਂ ਭੇਟ ਕੀਤੀਆਂ। ਨਵਾਬ ਸੈਫ਼ਦੀਨ ਨੂੰ ਉਪਦੇਸ਼ ਦੇ ਕੇ ਗੁਰੂ ਜੀ ਅੱਗੇ ਦੁਖਨਿਵਾਰਨ ਸਾਹਿਬ (ਲਹਿਲ), ਅਵਲੋਵਾਲ ਹੁੰਦੇ ਹੋਏ ਆਸਾਮ ਨੂੰ ਚਲੇ ਗਏ ਸਨ।

ਦੂਸਰੀ ਫੇਰੀ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਹਿੰਦੂ ਧਰਮ ਦੀ ਰੱਖਿਆ ਕਰਨ ਲਈ 11 ਹਾਡ਼ 1732 ਬਿਕਰਮੀ ਨੂੰ ਕੁਝ ਸਿਦਕੀ ਸਿੱਖਾਂ ਦੀਵਾਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਗੁਰਦਿੱਤਾ ਜੀ, ਭਾਈ ਊਦਾ ਜੀ ਰਾਠੌਡ਼ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾ ਕੇ ਅਨੇਕ ਨਗਰਾਂ ਨੂੰ ਭਾਗ ਲਾਉਂਦੇ ਹੋਏ ਆਪਣੇ ਮੁਰੀਦ ਨਵਾਬ ਸੈਫਦੀਨ (ਬਾਬਾ ਸੈਫ ਖਾਂ) ਤੇ ਸੰਗਤਾਂ ਦੇ ਪ੍ਰੇਮ ਵੱਸ 16 ਹਾਡ਼੍ਹ 1732 ਬਿਕਰਮੀ ਨੂੁੰ ਇੱਥੇ ਆਣ ਬਿਰਾਜੇ ਸਨ ਤੇ ਤਿੰਨ ਮਹੀਨੇ ਦੋ ਦਿਨ ਇੱਥੇ ਬਿਰਾਜਮਾਨ ਰਹੇ। 17 ਅੱਸੂ 1732 ਬਿਕਰਮੀ ਨੂੰ ਗੁਰੂ ਸਾਹਿਬ ਨੇ ਇੱਥੋਂ ਚਾਲੇ ਪਾ ਕੇ ਗੁਰਦੁਆਰਾ ਮੋਤੀ ਬਾਗ, ਸਮਾਣਾ, ਕਰਾ ਤੇ ਆਗਰੇ ਪੁੱਜ ਕੇ ਆਜਡ਼ੀ ਸਈਅਦ ਹਸਨ ਅਲੀ ਖਾਂ ਰਾਹੀਂ ਗ੍ਰਿਫਤਾਰ ਹੋ ਕੇ ਦਿੱਲੀ ਵਿਚ 12 ਮੱਘਰ ਸੁੱਦੀ ਪੰਚਮੀ ਸੰਮਤ 1732, 11 ਨਵੰਬਰ 1675 ਈ. ਨੂੰ ਧਰਮ ਦੀ ਰਾਖੀ ਲਈ ਕੁਰਬਾਨੀ ਦਿੱਤੀ।

ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ 1883 ਈ. ਵਿਚ ਕਿਲ੍ਹੇ ਦੇ ਅੰਦਰ ਤੇ ਕਿਲ੍ਹੇ ਤੋਂ ਬਾਹਰ ਗੁਰੂ ਅਸਥਾਨਾਂ ਦੀ ਸੇਵਾ ਕਰਵਾਈ ਤੇ ਇਸ ਨਗਰ ਦਾ ਨਾਂ ਸੈਫ਼ਾਬਾਦ ਤੋਂ ਬਦਲ ਕੇ ਬਹਾਦਰਗਡ਼੍ਹ ਰੱਖ ਦਿੱਤਾ ਸੀ। ਬਾਅਦ ਵਿਚ ਕਾਰਸੇਵਾ ਵਾਲੇ ਬਾਬਾ ਬਖਸ਼ੀਸ਼ ਸਿੰਘ ਜੀ ਤੇ ਬਾਬਾ ਗੁਰਮੇਲ ਸਿੰਘ ਜੀ ਨੇ ਗੁਰਦੁਆਰੇ ਦੀ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ। ਇਥੇ ਹਰ ਸਾਲ ਵਿਸਾਖੀ ਨੂੰ ਭਾਰੀ ਜੋਡ਼ ਮੇਲਾ ਭਰਦਾ ਹੈ। ਇੱਥੇ ਹਰ ਵਰ੍ਹੇ 16 ਹਾਡ਼੍ਹ ਨੂੰ ‘ਸ਼ੁਭ ਆਗਮਨ ਦਿਹਾਡ਼ਾ’ ਮਨਾਇਆ ਜਾਂਦਾ ਹੈ ਤੇ ਨਗਰ ਕੀਰਤਨ ਸਜਾਇਆ ਜਾਂਦਾ ਹੈ। ਹਰ ਸੰਗਰਾਂਦ ਤੇ ਗੁਰਪੁਰਬ ਦੇ ਮੌਕੇ ਦੀਵਾਨ ਸਜਾਏ ਜਾਂਦੇ ਹਨ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਹੈ। 24 ਘੰਟੇ ਇੱਥੇ ਲੰਗਰ ਵਰਤਦਾ ਹੈ ਅਤੇ ਯਾਤਰੀਆਂ ਲਈ ਯਾਤਰੀ ਨਿਵਾਸ ਵੀ ਮੌਜੂਦ ਹੈ। ਇਸ ਸਮੇਂ ਇਥੇ ਗੁਰਲਾਲ ਸਿੰਘ ਨਲੀਨੀ ਬਤੌਰ ਮੈਨੇਜਰ ਤੇ ਭਾਈ ਅਵਤਾਰ ਸਿੰਘ ਬਤੌਰ ਹੈਡ ਗ੍ਰੰਥੀ ਸੇਵਾ ਨਿਭਾ ਰਹੇ ਹਨ।

Share This :

Leave a Reply