ਖੰਨਾ(ਪਰਮਜੀਤ ਸਿੰਘ ਧੀਮਾਨ) – ਕੱਲ੍ਹ ਇਥੋਂ ਦੇ ਨੇੜਲੇ ਪਿੰਡ ਭੱਟੀਆ ਵਿਖੇ ਇਕ ਵਿਅਕਤੀ ਦੀ ਮੌਤ ਨੂੰ ਦਿਲ ਦਾ ਦੌਰਾ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਪ੍ਰਤੂੰ ਅੰਤਿਮ ਸੰਸਕਾਰ ਤੋਂ ਪਹਿਲਾ ਨਹਾਉਣ ਦੀ ਤਿਆਰੀ ਸਮੇਂ ਜਦੋਂ ਮ੍ਰਿਤਕ ਦੇ ਗਲੇ ’ਤੇ ਨਿਸ਼ਾਨ ਮਿਲੇ ਤਾਂ ਹੰਗਾਮਾ ਹੋ ਗਿਆ। ਮ੍ਰਿਤਕ ਦੀ ਪਤਨੀ ’ਤੇ ਹੱਤਿਆ ਦਾ ਸ਼ੱਕ ਪ੍ਰਗਟਾਇਆ ਗਿਆ। ਮ੍ਰਿਤਕ ਦੇ ਭਰਾ ਰਾਜਵਿੰਦਰ ਸਿੰਘ ਦੇ ਬਿਆਨਾਂ ’ਤੇ ਉਸਦੀ ਪਤਨੀ, ਦੋ ਧੀਆਂ ਅਤੇ ਦੋ ਸਾਲਿਆਂ ਖਿਲਾਫ਼ ਥਾਣਾ ਸਿਟੀ-1 ਵਿਚ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ (45) ਵਾਸੀ ਭੱਟੀਆ ਦੀ ਪਤਨੀ ਵੱਲੋਂ ਦਿਲ ਦਾ ਦੌਰਾ ਪੈਣ ਨਾਲ ਮੌਤ ਦਾ ਰੌਲਾ ਪਾਇਆ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ ਨੇ ਉਸਦੇ ਗਲੇ ’ਤੇ ਕੋਈ ਨਿਸ਼ਾਨ ਦੇਖੇ ਅਤੇ ਪਤਨੀ ਬਲਜੀਤ ਕੌਰ ’ਤੇ ਹੱਤਿਆ ਦਾ ਸ਼ੱਕ ਪ੍ਰਗਟਾਇਆ। ਸੂਚਨਾ ਮਿਲਣ ’ਤੇ ਡੀ.ਐਸ.ਪੀ ਰਾਜਨਪਰਮਿੰਦਰ ਸਿੰਘ ਤੇ ਥਾਣਾ ਮੁੱਖੀ ਰਵਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ।
ਮ੍ਰਿਤਕ ਦੇ ਪਰਿਵਾਰ ਨੇ ਪੋਸਟ ਮਾਰਟਮ ਦੀ ਮੰਗ ਕਰਦਿਆਂ ਕਿਹਾ ਕਿ ਕੁਲਵਿੰਦਰ ਸਿੰਘ ਦਾ ਅਕਸਰ ਉਸਦੀ ਪਤਨੀ ਨਾਲ ਝਗੜਾ ਰਹਿੰਦਾ ਸੀ। ਪੁਲਿਸ ਵੱਲੋਂ ਬਲਜੀਤ ਕੌਰ, ਦੋਵੇਂ ਲੜਕੀਆਂ ਲਵਪ੍ਰੀਤ, ਸਿਖਾ ਤੇ ਦੋ ਸਾਲੇ ਰਾਮ ਸਿੰਘ ਤੇ ਮੁਖਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ’ਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਪਿੰਡ ਭੱਟੀਆਂ ਦੇ ਸੈਂਕੜੇ ਲੋਕਾਂ ਨੇ ਜਰਨੈਲੀ ਸੜਕ ’ਤੇ ਜਾਮ ਲਾ ਦਿੱਤਾ। ਜਿਸ ਨਾਲ ਮੀਲਾਂ ਤੱਕ ਦੋਵੇਂ ਪਾਸੇ ਵਹੀਕਲਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸੇ ਦੌਰਾਨ ਡੀ. ਐਸ. ਪੀ ਰਾਜਨਪਰਮਿੰਦਰ ਸਿੰਘ ਅਤੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਪਿੱਛੋਂ ਕਰੀਬ ਤਿੰਨ ਘੰਟੇ ਬਾਅਦ ਜਾਮ ਖੁੱਲਿਆ।