


ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ — ਸ਼ੌਕੀਨ ਪੰਜਾਬੀਆਂ ਦੇ ਸ਼ੌਕ ਅਵੱਲੇ। ਸਾਲ ਕੁ ਪਹਿਲਾਂ ਫਰਿਜਨੋ ਨਿਵਾਸੀ ਰੰਮੀ ਧਾਲੀਵਾਲ ਅਤੇ ਗੁਰਮੀਤ ਧਾਲੀਵਾਲ ਨੇ ਇੱਕ ਸ਼ਾਨਦਾਰ ਤੇ ਫੁਰਤੀਲਾ ਗ੍ਰੇਹਾਊਂਡ ਨਸਲ ਦਾ ਟਰਨੇਡੋ ਕੁੱਤਾ, ਕੁੱਤਿਆਂ ਦੀਆਂ ਦੌੜਾਂ ਲਈ ਪੰਜਾਬ ਭੇਜਿਆ ਸੀ। ਜਿੱਥੇ ਇਹਨਾਂ ਦਾ ਪੰਜਾਬ ਵਸਦਾ ਤੀਸਰਾ ਸਾਥੀ ਸੀਰਾ ਧਾਲੀਵਾਲ ਟਰਨੇਡੋ ਦੀ ਦੇਖ ਭਾਲ ਕਰ ਰਿਹਾ ਅਤੇ ਇਹਨਾਂ ਤਿੰਨਾਂ ਨੇ ਧਾਲੀਵਾਲ ਹੰਟਰ ਬ੍ਰਦ੍ਰਜ਼ ਨਾਮ ਦਾ ਗਰੁੱਪ ਬਣਾਕੇ ਟਰਨੇਡੋ ਨੂੰ ਵੱਖ ਵੱਖ ਮੇਲਿਆਂ, ਜਿੱਥੇ ਕਿਤੇ ਵੀ ਕੁੱਤਿਆਂ ਦੀਆਂ ਦੌੜਾਂ ਹੁੰਦੀਆਂ ਨੇ ਓਥੇ ਦੜੌਣ ਦਾ ਫੈਸਲਾ ਕੀਤਾ ਹੈ।
ਫਰਿਜਨੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੰਮੀ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਬਾਵਾ ਰਸੂਲਪੁਰ ਗਰੁੱਪ ਵੱਲੋਂ ਮਿਕਸ ਕੁੱਤਿਆਂ ਦੀਆਂ ਟ੍ਰੈਕ ਦੌੜਾਂ ਕਰਵਾਈਆਂ ਗਈਆ। ਇਹਨਾਂ ਦੌੜਾਂ ਵਿੱਚ ਭਾਗ ਲੈਣ ਲਈ ਪੰਜਾਬ ਦੇ ਕੋਨੇ ਕੋਨੇ ਤੋਂ ਕੁੱਤਿਆਂ ਦੀਆਂ ਦੌੜਾਂ ਦੇ ਸ਼ੌਕੀਨ ਪਹੁੰਚੇ ਹੋਏ ਸਨ। ਇੰਟਰਨੈਸ਼ਨਲ ਪੱਧਰ ਦੇ ਟ੍ਰੈਕ ਤੇ ਹੋਈਆਂ ਇਹਨਾਂ ਮਿਕਸ ਦੌੜਾਂ ਵਿੱਚ ਤਕਰੀਬਨ 74 ਦੌੜਾਕ ਕੁੱਤਿਆਂ ਨੇ ਹਿੱਸਾ ਲਿਆ। ਚੰਗਾ ਪ੍ਰਦ੍ਰਸ਼ਨ ਕਰਕੇ ਪਹਿਲੀਆਂ 19 ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਜਾਨਵਰਾ ਅਤੇ ਮਾਲਕਾ ਨੂੰ ਕੱਪ ਅਤੇ ਨਕਦ ਰਾਸ਼ੀ ਇਨਾਮਾਂ ਨਾਲ ਨਿਵਾਜਿਆ ਗਿਆ। ਇਹਨਾਂ ਦੌੜਾਂ ਦੌਰਾਨ ਐਨ. ਆਰ. ਆਈ. ਵੀਰਾ ਦੀ ਸਹੂਲਤ ਨੂੰ ਮੁੱਖ ਰੱਖਕੇ ਸਾਰੀਆਂ ਦੌੜਾਂ ਦਾ ਇੰਟਰਨਿੱਟ ਜ਼ਰੀਏ ਸਿੱਧਾ ਪ੍ਰਸਾਰਨ ਕੀਤਾ ਗਿਆ। ਭੰਬਲ਼ਭੂਸਾ ਨਾ ਪਏ, ਇਸ ਲਈ ਰੀ-ਪਲੇਅ ਦਾ ਉੱਚੇਚਾ ਪ੍ਰਬੰਧ ਕੀਤਾ ਗਿਆ ਸੀ। ਇਹਨਾਂ ਦੌੜਾਂ ਵਿੱਚ ਧਾਲੀਵਾਲ ਹੰਟਰ ਬ੍ਰਦ੍ਰਜ਼ ਗਰੁੱਪ ਦਾ ਟਰਨੇਡੋ ਚਿਤਰਾ ਪਹਿਲੇ ਸਥਾਨ ਤੇ ਰਿਹਾ, ਫਰੀਡਮ ਗਰੁੱਪ ਦਾ ਰੌਨ ਚਿਤਰਾ ਦੂਜੇ ਸਥਾਨ ਤੇ ਰਿਹਾ ਜਦੋਂ ਕਿ ਬੱਲ ਬ੍ਰਦ੍ਰਜ਼ ਦਾ ਬੈਡ ਫੈਲਾ ਨੀਲਾ ਤੀਜੇ ਸਥਾਨ ਤੇ ਰਿਹਾ। ਰੰਮੀ ਧਾਲੀਵਾਲ ਨੇ ਦੱਸਿਆ ਕੁ ਹੰਟਰ ਇਸ ਸਮੇਂ ਦੋ ਸਾਲ ਦੀ ਭਰ ਜਵਾਨੀ ਵਿੱਚ ਹੈ ਅਤੇ ਤਕਰੀਬਨ ਸਾਲ ਕੁ ਪਹਿਲਾਂ ਇਸਨੂੰ ਅਮਰੀਕਾ ਤੋਂ ਪੰਜਾਬ ਭੇਜਿਆ ਗਿਆ ਸੀ। ਜਿੱਥੇ ਅਸੀਂ ਧਾਲੀਵਾਲ ਹੰਟਰ ਬ੍ਰਦ੍ਰਜ਼ ਟਰਨੇਡੋ ਦੇ ਪ੍ਰਦ੍ਰਸ਼ਨ ਤੋਂ ਪੂਰੇ ਬਾਗੋਬਾਗ ਹਾਂ। ਉਹਨਾਂ ਦੱਸਿਆ ਕਿ ਕੁੱਤਿਆਂ ਦੀਆਂ ਦੌੜਾਂ ਦੇ ਨਾਲ ਅਸੀਂ ਕਬੂਤਰਬਾਜ਼ੀ ਦਾ ਸ਼ੌਕ ਵੀ ਰੱਖਦੇ ਹਾਂ। ਅਮਰੀਕਾ ਵਿੱਚ ਵੀ ਅਸੀਂ ਕਬੂਤਰ ਪਾਲਦੇ ਹਾਂ ‘ਤੇ ਬਾਜ਼ੀਆਂ ਵੀ ਛੱਡਦੇ ਹਾਂ।