ਜਲੰਧਰ, ਮਿਡਿਆ ਬਿਊਰੋ:
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਪ੍ਰੀਖਿਆ ਨਤੀਜਿਆਂ ਦੀ ਉਡੀਕ ਵਿਚ ਹਨ। ਯੂਨੀਵਰਸਿਟੀ ਵੱਲੋਂ ਦਸੰਬਰ-2020 ਸੈਸ਼ਨ ਦੀਆਂ ਜ਼ਿਆਦਾਤਰ ਪ੍ਰੀਖਿਆਵਾਂ ਫਰਵਰੀ ਦੇ ਅੱਧ ਤਕ ਮੁਕੰਮਲ ਹੋ ਗਈਆਂ ਸਨ ਅਤੇ ਉਸੇ ਮਹੀਨੇ ਦੇ ਅਖੀਰ ਤਕ ਨਤੀਜੇ ਐਲਾਨੇ ਜਾਣੇ ਸਨ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਖਤਮ ਹੋਣ ਤੋਂ 7 ਦਿਨਾਂ ਦੇ ਅੰਦਰ ਅੰਦਰ ਨਤੀਜੇ ਤਿਆਰ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਨਤੀਜੇ ਨਹੀਂ ਐਲਾਨੇ ਗਏ। ਇਹ ਮੁੱਦਾ ‘ਪੰਜਾਬੀ ਜਾਗਰਣ’ ਵੱਲੋਂ ਪਹਿਲਾਂ ਵੀ ਚੁੱਕਿਆ ਗਿਆ ਸੀ ਤਾਂ ਯੂਨੀਵਰਿਸਟੀ ਦੇ ਅਹੁਦੇਦਾਰਾਂ ਦਾ ਕਹਿਣਾ ਸੀ ਕਿ ਸਟਾਫ ਮੈਂਬਰਾਂ ਦੀ ਚੋਣ ਡਿਊਟੀ ਲੱਗੀ ਹੋਣ ਕਾਰਨ ਪੇਪਰ ਚੈੱਕ ਕਰ ਕੇ ਨਤੀਜਾ ਤਿਆਰ ਕਰਨ ’ਚ ਕੁਝ ਦੇਰੀ ਹੋਈ ਹੈ ਤੇ ਚੋਣਾਂ ਤੋਂ ਬਾਅਦ ਛੇਤੀ ਹੀ ਨਤੀਜੇ ਐਲਾਨੇ ਜਾਣਗੇ। ਉਸ ਤੋਂ ਕੁਝ ਦਿਨ ਬਾਅਦ ਨਤੀਜਿਆਂ ਦਾ ਐਲਾਨ ਤਾਂ ਸ਼ੁਰੂ ਕਰ ਦਿੱਤਾ ਗਿਆ ਪਰ ਮੁੱਖ ਕੋਰਸਾਂ ਦੇ ਨਤੀਜੇ ਅਜੇ ਤਕ ਵੀ ਐਲਾਨੇ ਨਹੀਂ ਗਏ।
ਯੂਨੀਵਰਸਿਟੀ ਵੱਲੋਂ ਬੀਤੀ 14 ਜਨਵਰੀ ਨੂੰ ਪੱਤਰ ਜਾਰੀ ਕਰ ਕੇ ਸਮੂਹ ਗ੍ਰੈਜੂਏਟ, ਪੋਸਟ ਗ੍ਰੈਜੂਏਟ ਕੋਰਸਾਂ, ਯੂਜੀ ਤੇ ਪੀਜੀ ਡਿਪਲੋਮਿਆਂ ਦੀਆਂ ਪ੍ਰੀਖਿਆਵਾਂ ਆਨਲਾਈਨ ਲੈਣ ਦਾ ਐਲਾਨ ਕੀਤਾ ਗਿਆ ਸੀ। ਉਪ ਰਜਿਸਟਰਾਰ ਵੱਲੋਂ ਜਾਰੀ ਇਸ ਪੱਤਰ ਵਿਚ ਇਹ ਉਕਤ ਕੋਰਸਾਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ 20 ਜਨਵਰੀ ਤੋਂ ਅਤੇ ਥੀਉਰੀ ਪ੍ਰੀਖਿਆਵਾਂ 27 ਜਨਵਰੀ ਤੋਂ ਸ਼ੁਰੂ ਕਰਨ ਦਾ ਕਿਹਾ ਗਿਆ ਸੀ। ਇਸ ਦੇ ਨਾਲ ਹੀ ਕਾਲਜਾਂ ਨੂੰ ਵਿਦਿਆਰਥੀਆਂ ਦੇ ਸਮੇਂ ਦੇ ਨੁਕਸਾਨ ਦੀ ਭਰਪਾਈ ਲਈ ਇਨ੍ਹਾਂ ਪੇਪਰਾਂ ਨੂੰ 7 ਦਿਨਾਂ ਅੰਦਰ ਚੈੱਕ ਕਰ ਕੇ ਨਤੀਜੇ ਤਿਆਰ ਕਰਨ ਦੀ ਹਦਾਇਤ ਵੀ ਕੀਤੀ ਗਈ ਸੀ। ਪਰ ਕਈ ਕੋਰਸਾਂ ਦੀਆਂ ਪ੍ਰੀਖਿਆਵਾਂ ਮੁਕੰਮਲ ਹੋਇਆਂ ਨੂੰ ਇਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ, ਪਰ ਉਨ੍ਹਾਂ ਦੇ ਨਤੀਜੇ ਅਜੇ ਤਕ ਵੀ ਨਹੀਂ ਐਲਾਨੇ ਜਾ ਸਕੇ।
ਕੁਝ ਨਤੀਜਿਆਂ ਦਾ ਐਲਾਨ, ਮੁੱਖ ਕੋਰਸਾਂ ਦੇ ਨਤੀਜਿਆਂ ਦੀ ਉਡੀਕ
ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿਚ ਜ਼ਿਆਦਾਤਰ ਵੋਕੇਸ਼ਨਲ ਕੋਰਸ ਹੀ ਹਨ। ਇਸ ਤੋਂ ਇਲਾਵਾ ਮੁੱਖ ਤੌਰ ’ਤੇ ਬੀਐੱਡ, ਬੀਐੱਫਏ, 4 ਤਰ੍ਹਾਂ ਦੀ ਬੀਐੱਸਸੀ, ਬੀ.ਕਾਮ (ਪ੍ਰੋਫੈਸ਼ਨਲ ਅਤੇ ਫਾਈਨੈਂਸ਼ੀਅਲ ਸਰਵੀਸਿਜ਼) , ਬੀ.ਵੋਕ, ਬੀਬੀਏ ਐੱਲਐੱਲਬੀ, ਬੀ.ਡਿਜ਼ਾਈਨ, ਬੈਚਲਰ ਆਫ ਲਾਅਜ਼, ਐੱਮਡਿਜ਼ਾਈਨ, 4 ਤਰ੍ਹਾਂ ਦੀ ਐੱਮਏ, ਐੱਮ.ਵੋਕ, ਮਾਸਟਰ ਇਨ ਟੂਰਿਜ਼ਮ ਐਂਡ ਮੈਨੇਜਮੈਂਟ ਆਦਿ ਦੇ ਨਤੀਜੇ ਐਲਾਨੇ ਗਏ ਹਨ। ਪਰ ਜਿਨ੍ਹਾਂ ਕੋਰਸਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੇ ਨਤੀਜੇ ਅਜੇ ਵੀ ਨਹੀਂ ਐਲਾਨੇ ਗਏ। ਇਨ੍ਹਾਂ ਕੋਰਸਾਂ ਵਿਚ ਬੀਏ, ਬੀਐੱਸਸੀ, ਬੀ.ਕਾਮ, ਬੀਬੀਏ, ਬੀਸੀਏ, ਬੀ.ਕਾਮ ਐੱਲਐੱਲਬੀ, ਬੀਏਜੇਐੱਮਸੀ, ਐੱਮਏ (19 ਵਿਸ਼ੇ), ਐੱਮਏ ਇਕਨਾਮਿਕਸ, ਐੱਮਕਾਮ, ਐੱਮਏਜੇਐੱਮਸੀ, ਐੱਮਐੱਸਸੀ, ਐੱਮਐੱਡ ਆਦਿ ਸ਼ਾਮਲ ਹਨ ਜਿਨ੍ਹਾਂ ਦੇ ਵਿਦਿਆਰਥੀ ਨਤੀਜਿਆਂ ਦੀ ਉਡੀਕ ਵਿਚ ਹਨ। ਇਨ੍ਹਾਂ ਵਿਚੋਂ ਕੁਝ ਕੋਰਸਾਂ ਦੀਆਂ ਪ੍ਰੀਖਿਆਵਾਂ ਮੁਕੰਮਲ ਹੋਈਆਂ ਨੂੰ ਕਰੀਬ 1 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ।
ਨਤੀਜਿਆਂ ਦੀ ਉਡੀਕ ’ਚ ਰੋਜ਼ ਵੈੱਬਸਾਈਟ ਵੇਖ ਰਹੇ ਵਿਦਿਆਰਥੀ
ਸੇਂਟ ਸੋਲਜਰ ਕਾਲਜ ਦੇ ਬੀਬੀਏ ਦੇ ਵਿਦਿਆਰਥੀ ਅਨਿਰੁੱਧ ਦਾ ਕਹਿਣਾ ਹੈ ਕਿ ਪ੍ਰੀਖਿਆ ਨਤੀਜਿਆਂ ਦਾ ਐਲਾਨ ਨਾ ਹੋਣ ਕਾਰਨ ਤਣਾਅ ਵੱਧ ਰਿਹਾ ਹੈ। ਇਸ ਕਾਰਨ ਅੱਗੇ ਦੀ ਪਡ਼੍ਹਾਈ ਵਿਚ ਮਨ ਨਹੀਂ ਲੱਗ ਰਿਹਾ। ਉਹ ਰੋਜ਼ਾਨਾ ਯੂਨੀਵਰਸਿਟੀ ਦੇ ਵੈੱਬਸਾਈਟ ’ਤੇ ਨਤੀਜਾ ਵੇਖ ਰਹੇ ਹਨ ਪਰ ਨਤੀਜਾ ਨਾ ਐਲਾਨੇ ਜਾਣ ਕਾਰਨ ਨਿਰਾਸ਼ਾ ਹੀ ਹੱਥ ਲੱਗਦੀ ਹੈ। ਇਸੇ ਤਰ੍ਹਾਂ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਸ ਵਾਰ ਨਤੀਜੇ ਛੇਤੀ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਨਤੀਜੇ ਨਹੀਂ ਐਲਾਨੇ ਗਏ। ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਸਮਝਦਿਆਂ ਨਤੀਜੇ ਛੇਤੀ ਐਲਾਨੇ ਜਾਣ।
ਪ੍ਰੀਖਿਆਵਾਂ ’ਚ ਵੀ ਹੋਈ ਸੀ ਦੇਰੀ
ਯੂਨੀਵਰਸਿਟੀ ਵੱਲੋਂ ਇਹ ਪ੍ਰੀਖਿਆਵਾਂ ਆਮ ਤੌਰ ’ਤੇ ਦਸੰਬਰ ’ਚ ਲਈਆਂ ਜਾਂਦੀਆਂ ਹਨ ਪਰ ਇਸ ਵਾਰ ਪੈਦਾ ਹੋਏ ਹਾਲਾਤਾਂ ਕਾਰਨ ਇਹ ਪ੍ਰੀਖਿਆਵਾਂ ਪਿੱਛੇ ਪੈਂਦੀਆਂ ਰਹੀਆਂ। ਪਹਿਲਾਂ ਇਹ ਪ੍ਰੀਖਿਆਵਾਂ 14 ਦਸੰਬਰ ਤੋਂ ਸ਼ੁਰੂ ਹੋਣੀਆਂ ਸਨ, ਪਰ ਅਧਿਆਪਕ ਹਡ਼ਤਾਲ ’ਤੇ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਪ੍ਰੀਖਿਆਵਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਇਸ ਕਾਰਨ ਇਹ ਪ੍ਰੀਖਿਆਵਾਂ ਅਖੀਰਲੇ ਸਮੇਂ ਮੁਲਤਵੀ ਕਰ ਦਿੱਤੀਆਂ ਗਈਆਂ। ਫਿਰ ਇਹ ਪ੍ਰੀਖਿਆਵਾਂ 20 ਜਨਵਰੀ ਨੂੰ ਸ਼ੁਰੂ ਹੋਈਆਂ ਅਤੇ ਵਿਦਿਆਰਥੀਆਂ ਦੇ ਸਮੇਂ ਦੇ ਨੁਕਸਾਨ ਦੀ ਭਰਪਾਈ ਲਈ ਅਧਿਆਪਕਾਂ ਨੂੰ 7 ਦਿਨਾਂ ਅੰਦਰ ਪੇਪਰ ਚੈੱਕ ਕਰਨ ਦੀ ਹਦਾਇਤ ਦਿੱਤੀ ਗਈ ਸੀ।