ਚੰਡੀਗੜ੍ਹ (ਮੀਡੀਆ ਬਿਊਰੋ)- ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਸੂਰ ਅਤੇ ਬੱਕਰੀ ਪਾਲਣ ਦਾ ਧੰਦਾ ਕਰਨ ਲਈ ਵਿਸ਼ੇਸ਼ ਯੂਨਿਟ ਸਥਾਪਤ ਕੀਤੇ ਜਾਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਪਸ਼ੂ ਪਾਲਕਾਂ ਨੂੰ ਯੂਨਿਟ ਸਥਾਪਿਤ ਕੀਤੇ ਜਾਣ ਲਈ ਸਬਸਿਡੀ ਵੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਇਹ ਜਾਣਕਾਰੀ ਦਿੰਦੇ ਹੋਏ ਡਾ. ਐਚ ਐਸ ਕਾਹਲੋਂ ,ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਨੇ ਦੱਸਿਆ ਕਿ ਦਫਤਰ ਡਿਪਟੀ ਡਾਇਰੈਕਟਰ (ਟਰੇਨਿੰਗ) ਪਟਿਆਲਾ ਵਿਖੇ ਫਾਰਮਰਾਂ ਲਈ ਪੰਜ ਦਿਨਾਂ ਦੀ ਸੂਰ ਪਾਲਣ ਅਤੇ ਦੋ ਦਿਨਾਂ ਦੀ ਬਕਰੀ ਪਾਲਣ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ । ਇਹਨਾਂ ਟ੍ਰੇਨਿੰਗਾਂ ਵਿੱਚ ਕੋਈ ਵੀ ਪਸੂ ਪਾਲਕ ਹਿੱਸਾ ਲੈ ਕੇ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈ।
ਇਸ ਸਰਟੀਫਿਕੇਟ ਦੇ ਅਧਾਰ ਤੇ ਪਸੂ ਪਾਲਕ ਬੈਂਕ ਵਿੱਚੋਂ ਲੋਨ ਲੈ ਕੇ ਨਬਾਰਡ ਬੈਂਕ ਤੋਂ ਸਬਸਿਡੀ ਪ੍ਰਾਪਤ ਕਰ ਸਕਦਾ ਹੈ । ਇਸ ਤੋਂ ਇਲਾਵਾ ਇਥੇ ਵੀ.ਓ. ਅਤੇ ਵੀ. ਆਈ ਨੂੰ ਸਰਕਾਰ ਦੀਆਂ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ਸਿਰ ਟ੍ਰੇਨਿੰਗ ਦਿੱਤੀਆ ਜਾਂਦੀਆ ਹਨ। ਪਿੰਡਾਂ ਵਿੱਚ ਪਸੂ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਉਨਾਂ ਦੱਸਿਆ ਕਿ ਸਾਲ 2020-21 ਵਿੱਚ 33 ਟ੍ਰੇਨਿੰਗ ਕੋਰਸ ਕਰਵਾਏ ਗਏ ਜਿਸ ਦੌਰਾਨ 337 ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ ਇਸੇ ਤਰਾਂ ਸਾਲ 2020-21 ਦੌਰਾਨ 10 ਪਸੂ ਜਾਗਰੂਕਤਾ ਕੈਂਪ ਲਗਾ ਕੇ ਕੁੱਲ 358 ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ ਜਦਕਿ ਸਾਲ 2020-21 ਵਿੱਚ ਹੀ ਆਯੋਜਿਤ ਕੀਤੀ ਗਈ 1 ਨਿਊ ਵੀ.ਓ. ਓਰੀਐਂਟੇਸਨ ਟ੍ਰੇਨਿੰਗ ਦੌਰਾਨ 114 ਕਿਸਾਨਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ।
ਡਾ. ਕਾਹਲੋਂ ਨੇ ਦੱਸਿਆ ਕਿ ਸੂਰ ਪਾਲਣ ਦੀ ਇਕ ਯੂਨਿਟ (20 ਮਾਦਾ, 4 ਨਰ) ਸਥਾਪਤ ਕੀਤੇ ਜਾਣ ਤੇ ਤਕਰੀਬਨ 8 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਜਿਸ ਵਿੱਚੋਂ 2 ਲੱਖ ਰੁਪਏ ਤੱਕ ਦੀ ਬੈਕ ਐਂਡਿਡ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਯੂਨਿਟ ਨੂੰ ਸਥਾਪਤ ਕੀਤੇ ਜਾਣ ਲਈ ਸਬੰਧਤ ਕਿਸਾਨ ਨੇ ਸਿਰਫ਼ 80 ਹਜਾਰ ਰੁਪਏ ਦੀ ਮਾਰਜਨ ਮਨੀ ਦੇਣੀ ਹੁੰਦੀ ਹੈ ਅਤੇ ਬਾਕੀ ਦੀ ਰਕਮ ਦਾ ਲੋਨ ਬੈਂਕ ਤੋਂ ਹੋ ਜਾਂਦਾ ਹੈ ਇਸੇ ਤਰਾਂ ਬਕਰੀ ਪਾਲਣ 40+2 (40 ਮਾਦਾ, 2 ਨਰ) ਸਥਾਪਤ ਕੀਤੇ ਜਾਣ ਤੇ ਤਕਰੀਬਨ 1 ਲੱਖ ਰੁਪਏ ਦਾ ਖਰਚਾ ਆਉਂਦਾ ਹੈ ਇਹ ਯੂਨਿਟ ਸਥਾਪਤ ਕੀਤੇ ਜਾਣ ਲਈ ਜਨਰਲ ਕੈਟੇਗਰੀ ਦੇ ਵਿਅਕਤੀ ਨੂੰ 25 ਹਜਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ 33 ਹਜਾਰ ਰੁਪਏ ਦੀ ਬੈਕ ਐਂਡਿਡ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ।