ਸਰਕਾਰ ਖਿਡਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰੇ -ਟਿੱਲੂ

ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਪੈਰਾ ਉਲੰਪਿਕ ਵਿਚ ਜੇਤੂ ਦਿਵਿਆਂਗ ਕਰਾਟੇ ਖਿਡਾਰੀ ਤਰੁਣ ਸ਼ਰਮਾ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਨਾ ਦਿੱਤੇ ਜਾਣ ਦੇ ਰੋਸ ਵਜੋਂ ਇਥੋਂ ਦੇ ਅਮਲੋਹ ਰੋਡ ਚੌਂਕ ਵਿਖੇ ਬੂਟ ਪਾਲਿਸ਼ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਤੋਂ ਨਿਰਾਸ਼ ਤਰੁਣ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵਿਚ ਸਮਾਂ ਬਰਬਾਦ ਨਾ ਕਰਨ ਕਿਉਂਕਿ ਖਿਡਾਰੀਆਂ ਵੱਲੋਂ ਜਿੱਤੇ ਮੈਡਲਾਂ ਦੀ ਕੋਈ ਕਦਰ ਨਹੀਂ ਪੈਂਦੀ ਅਤੇ ਸਰਕਾਰ ਵੀ ਇਨ੍ਹਾਂ ਦੀ ਕੋਈ ਸਾਰ ਨਹੀਂ ਲੈਂਦੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ਼ ਸੁਖਵੰਤ ਸਿੰਘ ਟਿੱਲੂ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਨਾਲ ਵਾਅਦੇ ਤਾਂ ਕਰਦੀ ਹੈ, ਪ੍ਰਤੂੰ ਉਨ੍ਹਾਂ ਨੂੰ ਪੂਰਾ ਨਹੀਂ ਕਰਦੀ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖੇਡਾਂ ਵਿਚ ਸ਼ਾਨਦਾਰ ਮੁਜ਼ਾਹਰਾ ਕਰਕੇ ਪੰਜਾਬ ਤੇ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਦਾ ਮਾਣ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸਰਕਾਰ ਬਨਣ ਤੇ ਖੇਡਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਪਹਿਲਾ ਦੇ ਅਧਾਰ ’ਤੇ ਨੌਕਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤਰੁਣ ਸ਼ਰਮਾ ਦੀ ਕਾਬਲੀਅਤ ਤੇ ਉਸ ਵੱਲੋਂ ਪ੍ਰਾਪਤ ਕੀਤੇ ਮੈਡਲਾਂ ਨੂੰ ਦੇਖਦੇ ਹੋਏ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਆਰਥਿਕ ਮਦਦ ਕਰੇ। ਇਸ ਮੌਕੇ ਦਵਿੰਦਰ ਕੌਰ, ਜਤਿੰਦਰ ਨਾਰੰਗ, ਸੁਨੀਲ ਗੁਪਤਾ, ਵਿਸ਼ਾਲ ਭਾਟੀਆ, ਅਨਿਲ ਵਿੱਜ, ਅਵਤਾਰ ਮੋਰੀਆ, ਸੰਜੀਵ ਕੁਮਾਰ, ਰਵਿੰਦਰ ਕੌਰ ਆਦਿ ਹਾਜ਼ਰ ਸਨ।

Share This :

Leave a Reply