ਪਰਾਲੀ ਸੰਕਟ ਨਾਲ ਨਜਿੱਠਣ ਲਈ ਵੱਖਰਾ ਬੋਰਡ ਬਣਾਏ ਸਰਕਾਰ

ਕੀਤੀ ਰਾਊਂਡ ਟੇਬਲ ਕਾਨਫਰੰਸ

ਜਲੰਧਰ, ਮੀਡੀਆ ਬਿਊਰੋ:

ਪਰਾਲੀ ਤੋਂ ਹੋਣ ਵਾਲਾ ਪ੍ਰਦੂਸ਼ਣ ਰਾਸ਼ਟਰੀ ਸਮੱਸਿਆ ਬਣ ਚੁੱਕਾ ਹੈ। ਹਰ ਸਾਲ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਦਿੱਲੀ-ਐੱਨਸੀਆਰ ਦੇ ਲੋਕਾਂ ਨੂੰ ਸਰਦੀਆਂ ’ਚ ਸਮੌਗ ਕਾਰਨ ਸਿਹਤ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਬਾਦ ਹੁੰਦੀ ਹੈ। ਪੰਜਾਬੀ ਜਾਗਰਣ ਵੱਲੋਂ ਸੁਣੋ ਸਰਕਾਰ, ਪੰਜਾਬ ਦੀ ਪੁਕਾਰ ਮੁਹਿੰਮ ਦੇ ਤਹਿਤ ਅੱਠ ਜ਼ਿਲ੍ਹਿਆਂ ’ਚ ਕਰਵਾਈ ਗਈ ਰਾਊਂਡ ਟੇਬਲ ਕਾਨਫਰੰਸ (ਆਰਟੀਸੀ) ’ਚ ਵਾਤਾਵਰਨ ਦੇ ਖੇਤਰ ’ਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਮਾਹਿਰਾਂ ਦੀ ਨਵੀਂ ਸਰਕਾਰ ਤੋਂ ਉਮੀਦ ਹੈ ਕਿ ਇਸ ਦੇ ਲਈ ਸਰਕਾਰ ਅਸਰਦਾਰ ਕਦਮ ਚੁੱਕੇ। ਇਸ ਸਮੱਸਿਆ ਨਾਲ ਸਿੱਝਣ ਲਈ ਵੱਖਰੇ ਬੋਰਡ ਦਾ ਗਠਨ ਕੀਤਾ ਜਾਵੇ, ਜਿਹੜਾ ਸਿਰਫ਼ ਪਰਾਲੀ ਮੈਨੇਜਮੈਂਟ ’ਤੇ ਹੀ ਕੰਮ ਕਰੇ। ਇਸ ਲਈ ਵੱਖਰੇ ਬਜਟ ਦੀ ਵਿਵਸਥਾ ਕੀਤੀ ਜਾਵੇ। ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਬਠਿੰਡਾ ਜ਼ਿਲ੍ਹੇ ਦੇ ਪ੍ਰੋਗਰਾਮ ਅਫਸਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਵੱਖਰੇ ਬੋਰਡ ਦਾ ਗਠਨ ਕਰਨ ਨਾਲ ਜ਼ਿੰਮੇਵਾਰੀ ਤੈਅ ਹੋਵੇਗੀ, ਜਿਸ ਦੀ ਹਾਲੇ ਕਮੀ ਹੈ। ਇਹੀ ਬੋਰਡ ਕਿਸਾਨਾਂ ਨੂੰ ਜਾਗਰੂਕ ਕਰੇ ਤੇ ਉਨ੍ਹਾਂ ਨੂੰ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਏ। ਹੋਰ ਵਿਭਾਗਾਂ ਦੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।

ਪਠਾਨਕੋਟ ਜ਼ਿਲ੍ਹੇ ਦੀ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਸੁਜਾਨਪੁਰ ਦੇ ਚੇਅਰਮੈਨ ਤੇ ਰਿਟਾਇਰਡ ਪਿ੍ਰੰਸੀਪਲ ਤਿ੍ਰਭੁਵਨ ਸਿੰਘ ਨੇ ਕਿਹਾ ਹੈ ਕਿ ਨਾਜਾਇਜ਼ ਮਾਈਨਿੰਗ ਜਲ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ, ਇਸ ਲਈ ਜਿਸ ਵੀ ਖੇਤਰ ’ਚ ਨਾਜਾਇਜ਼ ਮਾਈਨਿੰਗ ਹੁੰਦੀ ਹੈ, ਉੱਥੋਂ ਦੇ ਜ਼ਿੰਮੇਵਾਰ ਅਧਿਕਾਰੀਆਂ ’ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਗੁਰਦਾਸਪੁਰ ਦੇ ਵਾਤਾਵਰਨ ਪ੍ਰੇਮੀ ਅਮਿਤ ਸ਼ੈਲੀ ਨੇ ਜੰਗਲਾਤ ਖੇਤਰ ਵਧਾਉਣ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਬੂਟੇ ਲਾਉਣ ਦੇ ਬਾਅਦ ਬੂਟਿਆਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਸਰਕਾਰੀ ਤੌਰ ’ਤੇ ਬੂਟੇ ਲਾਉਣ ਦੇ ਬਾਅਦ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉੱਥੇ ਸੜਕ ਨਿਰਮਾਣ ਆਦਿ ਲਈ ਦਰੱਖਤ ਵੱਢਣ ਦੀ ਥਾਂ ਉਨ੍ਹਾਂ ਨੂੰ ਟਰਾਂਸਪਲਾਂਟ ਕਰਨ ਦੀ ਨੀਤੀ ਬਣਾਉਣੀ ਚਾਹੀਦੀ ਹੈ। ਹੁਸ਼ਿਆਰਪੁਰ ਦੇ ਵਾਤਾਵਰਨ ਪ੍ਰੇਮੀ ਗੁਰਮੇਲ ਸਿੰਘ ਨੇ ਅਜਿਹੀ ਸਥਿਤੀ ’ਚ ਵੱਢੇ ਗਏ ਦਰੱਖਤਾਂ ਦੀ ਥਾਂ ਦੁੱਗਣੇ ਬੂਟੇ ਲਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਸਾਰੇ ਸ਼ਹਿਰਾਂ ’ਚ ਵਾਟਰ ਟ੍ਰੀਟਮੈਂਟ ਪਲਾਂਟ ਲਾਜ਼ਮੀ ਰੂਪ ਨਾਲ ਲਾਏ ਜਾਣ ਤਾਂ ਜੋ ਨਦੀਆਂ ਪ੍ਰਦੂਸ਼ਤ ਨਾ ਹੋਣ।

ਪਟਿਆਲਾ ਦੇ ਵਿਲੀਅਮਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਸਾਨੂੰ ਵੀ ਵਿਦੇਸ਼ ਦੀ ਤਰਜ ’ਤੇ ਵਾਟਰ ਰੀਸਾਈਕਲਿੰਗ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਨਾਲ ਜ਼ਮੀਨੀ ਪਾਣੀ ਦੀ ਵਰਤੋ ਘੱਟ ਹੋਵੇਗੀ। ਵਾਟਰ ਹਾਰਵੈਸਟਿੰਗ ਨੂੰ ਹਰ ਘਰ ਲਈ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਜਲੰਧਰ ਦੇ ਸੋਸ਼ਲ ਵਰਕਰ ਮੁਕੇਸ਼ ਵਰਮਾ ਨੇ ਜਨਤਕ ਪ੍ਰੋਗਰਾਮਾਂ ’ਚ ਪਲਾਸਟਿਕ ’ਚ ਬਣੀ ਡਿਸਪੋਜ਼ੇਬਲ ਸਮੱਗਰੀ ਦੇ ਇਸਤੇਮਾਲ ’ਤੇ ਤੁਰੰਤ ਰੋਕ ਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਰੇ ਵੱਡੇ ਸ਼ਹਿਰਾਂ ਦੀ ਸਮੱਸਿਆ ਹੈ। ਇਸ ਨੂੰ ਰੋਕਣਾ ਜ਼ਰੂਰੀ ਹੈ।

ਆਧੁਨਿਕ ਤੇ ਵਿਗਿਆਨਕ ਤਰੀਕੇ ਨਾਲ ਹੱਲ ਹੋਵੇ ਸਾਲਿਡ ਵੇਸਟ ਮੈਨੇਜਮੈਂਟ

ਜ਼ਿਆਦਾਤਰ ਵਾਤਾਵਰਨ ਮਾਹਿਰਾਂ ਨੇ ਸਾਲਿਡ ਵੇਸਟ ਮੈਨੇਜਮੈਂਟ ਨੂੰ ਵੱਡਾ ਖਤਰਾ ਦੱਸਿਆ। ਉਨ੍ਹਾਂ ਨੇ ਇਸ ਦੇ ਆਧੁਨਿਕ ਤੇ ਵਿਗਿਆਨਿਕ ਤਰੀਕੇ ਨਾਲ ਮੈਨੇਜਮੈਂਟ ’ਤੇ ਜ਼ੋਰ ਦਿੱਤਾ। ਲੁਧਿਆਣਾ ਦੇ ਵਾਤਾਵਰਨ ਪ੍ਰੇਮੀ ਗੁਰਪਾਲ ਗਰੇਵਾਲ ਨੇ ਕਿਹਾ ਕਿ ਮਹਾਨਗਰਾਂ ’ਚ ਸਾਲਿਡ ਵੇਸਟ ਇਕ ਗੰਭੀਰ ਸਮੱਸਿਆ ਬਣ ਚੁੱਕਾ ਹੈ। ਲੁਧਿਆਣਾ ਵਰਗੇ ਸ਼ਹਿਰਾਂ ’ਚ ਹੁਣ ਕੋਈ ਕੰਪਨੀ ਕੰਮ ਕਰਨ ਲਈ ਤਿਆਰ ਨਹੀਂ ਹੈ। ਵਿਦੇਸ਼ ਤੋਂ ਸਿਖਲਾਈ ਲੈ ਕੇ ਆਧੁਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ। ਪਾਲੀਥੀਨ ਬੈਗ ’ਤੇ ਪਾਬੰਦੀ ਅਸਰਦਾਰ ਨਹੀਂ ਹੈ। ਇਸ ਦੇ ਲਈ ਸਜ਼ਾ ਤੇ ਜੁਰਮਾਨਾ ਵਧਾਇਆ ਜਾਵੇ। ਪ੍ਰਦੂਸ਼ਣ ਕੰਟਰੋਲ ਬੋਰਡ ਸਖਤ ਕਾਰਵਾਈ ਕਰੇ। ਕਈ ਸ਼ਹਿਰਾਂ ’ਚ ਕੰਪੋਸਟ ਪਲਾਂਟ ਬੰਦ ਪਏ ਹਨ। ਇਨ੍ਹਾਂ ਨੂੰ ਸ਼ੁਰੂ ਕੀਤਾ ਜਾਵੇ।

ਕੀਟਨਾਸ਼ਕਾਂ ਤੇ ਰਸਾਇਣਕ ਖਾਦ ਦੀ ਵਰਤੋਂ ਸੀਮਤ ਹੋਵੇ, ਆਰਗੈਨਿਕ ਫਾਰਮਿੰਗ ਨੂੰ ਉਤਸ਼ਾਹ ਮਿਲੇ

ਅੰਮਿ੍ਰਤਸਰ ਦੇ ਵਾਤਾਵਰਨ ਪ੍ਰੇਮੀ ਤੇ ਸਮਾਜਿਕ ਵਰਕਰ ਡਾ. ਕੰਵਰਜੀਤ ਸਿੰਘ ਦਾ ਕਹਿਣਾ ਹੈ ਕਿ ਖੇਤੀ ’ਚ ਰਸਾਇਣਕ ਖਾਦ ਤੇ ਕੀਟਨਾਸ਼ਕਾਂ ਦਾ ਇਸਤੇਮਾਲ ਸੀਮਤ ਕਰਨ ਲਈ ਨੀਤੀ ਲਿਆਂਦੀ ਜਾਵੇ। ਇਸ ’ਤੇ ਪੂਰੀ ਤਰ੍ਹਾਂ ਨਾਲ ਰੋਕ ਨਹੀਂ ਲਾਈ ਜਾ ਸਕਦੀ ਪਰ ਨਵੀਂ ਸਰਕਾਰ ਆਰਗੈਨਿਕ ਖੇਤੀ ਲਈ ਕੁਝ ਫੀਸਦ ਖੇਤਰ ਰਾਖਵਾਂ ਕਰ ਦੇਵੇ। ਇਸ ਨੂੰ ਉਤਸ਼ਾਹਿਤ ਕਰਨ ਨਾਲ ਜ਼ਮੀਨ ਦੀ ਉਪਜਾਊ ਸਮਰੱਥਾ ’ਚ ਵੀ ਸੁਧਾਰ ਹੋਵੇਗਾ ਤੇ ਪੈਦਾਵਾਰ ਵੀ ਵਧੇਗੀ। ਉਨ੍ਹਾਂ ਸੁਝਾਅ ਦਿੱਤਾ ਕਿ ਸਕੂਲਾਂ ਦੇ ਸਿਲੇਬਸ ’ਚ ਵਾਤਾਵਰਨ ਦੇ ਵਿਸ਼ੇ ਨੂੰ ਹੋਰ ਵਿਸਥਾਰਤ ਰੂਪ ’ਚ ਸ਼ਾਮਲ ਕੀਤਾ ਜਾਵੇ। ਇਸ ਨੂੰ ਗੰਭੀਰਤਾ ਨਾਲ ਪੜ੍ਹਾਇਆ ਜਾਵੇ। ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇ।

Share This :

Leave a Reply