ਗੋਲਡ ਮੈਡਲ ਜੇਤੂ ਬਲਜੀਤ ਕੌਰ ਖੇਤਾਂ ‘ਚ ਝੋਨਾ ਲਗਾਉਣ ਲਈ ਮਜਬੂਰ

ਸੰਗਰੂਰ (ਮੀਡੀਆ ਬਿਊਰੋ) : ਨੈਸ਼ਨਲ ਹਾਈਵੇਅ ‘ਤੇ ਬਣਾਈ ਗਈ ਇਹ ਪੇਂਟਿੰਗ ਸਾਈਕÇਲੰਗ ਵਿਚ ਕਈ ਵਾਰ ਗੋਲਡ ਮੈਡਲ ਜਿੱਤਣ ਵਾਲੀ ਬਲਜੀਤ ਕੌਰ ਦੀ ਐ, ਜਿਸ ਦੇ ਨਾਲ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦਾ ਨਾਅਰਾ ਵੀ ਲਿਖਿਆ ਹੋਇਆ ਦਿਖਾਈ ਦੇ ਰਿਹੈ। ਇਹ ਪੇਂਟਿੰਗ ਇਸ ਲਈ ਲਗਾਈ ਗਈ ਐ ਤਾਂ ਜੋ ਹੋਰ ਲੜਕੀਆਂ ਵੀ ਬਲਜੀਤ ਕੌਰ ਤੋਂ ਪ੍ਰੇਰਣਾ ਲੈ ਸਕਣ ਪਰ ਜੇਕਰ ਬਲਜੀਤ ਕੌਰ ਦੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਲੜਕੀ ਬਲਜੀਤ ਕੌਰ ਵਰਗੀ ਬਣਨਾ ਚਾਹੇਗੀ।

ਕਿਉਂਕਿ ਪੰਜਾਬ ਲਈ ਦੋ ਗੋਲਡ ਮੈਡਲ ਜਿੱਤਣ ਦੇ ਬਾਵਜੂਦ ਵੀ ਉਸ ਨੂੰ ਖੇਤਾਂ ਵਿਚ ਝੋਨਾ ਲਗਾਉਣ ਲਈ ਮਜਬੂਰ ਹੋਣਾ ਪੈ ਰਿਹੈ। ਬਲਜੀਤ ਕੌਰ ਦੇ ਪਿਤਾ ਦੀ ਕਾਫ਼ੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਐ, ਜਦਕਿ ਉਸ ਦਾ ਭਰਾ ਬਿਮਾਰ ਰਹਿੰਦਾ ਹੈ, ਘਰ ਦੇ ਮੌਜੂਦਾ ਹਾਲਾਤ ਇਹ ਬਣੇ ਹੋਏ ਨੇ ਕਿ ਦੋਵੇਂ ਮਾਂ ਧੀਆਂ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਖੇਤਾਂ ਵਿਚ ਦਿਹਾੜੀਆਂ ਕਰਨੀਆਂ ਪੈ ਰਹੀਆਂ ਹਨ।

ਇਸ ਸਬੰਧੀ ਜਦੋਂ ਸਾਈਕਲਿਸਟ ਬਲਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇੰਨੀਆਂ ਪ੍ਰਾਪਤੀਆਂ ਕਰਨ ਦੇ ਬਾਵਜੂਦ ਸਰਕਾਰ ਨੇ ਉਸ ਦੀ ਸਾਰ ਨਹੀਂ ਲਈ। ਜਦਕਿ ਉਹ ਕਈ ਮੰਤਰੀਆਂ ਅਤੇ ਉਚ ਅਧਿਕਾਰੀਆਂ ਨੂੰ ਅਰਜ਼ੀਆਂ ਵੀ ਲਿਖ ਚੁੱਕੀ ਹੈ। ਉਧਰ ਬਲਜੀਤ ਕੌਰ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਘਰ ਦਾ ਗੁਜ਼ਾਰਾ ਬਹੁਤ ਔਖਾ ਹੋ ਰਿਹਾ ਹੈ ਅਤੇ ਉਸ ਨੂੰ ਅਪਣੀ ਬੇਟੀ ਦੇ ਵਿਆਹ ਦੀ ਚਿੰਤਾ ਵੀ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਐ ਕਿ ਸਰਕਾਰ ਇਕ ਪਾਸੇ ਤਾਂ ਸਰਕਾਰ ਨੌਜਵਾਨ ਲੜਕੇ ਲੜਕੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਦਾਅਵੇ ਕਰਦੀ ਐ ਪਰ ਦੂਜੇ ਪਾਸੇ ਉਸ ਵੱਲੋਂ ਖਿਡਾਰੀਆਂ ਦੀ ਸਾਰ ਨਹੀਂ ਲਈ ਜਾ ਰਹੀ। ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਇਨ੍ਹਾਂ ਖਿਡਾਰੀਆਂ ਦੀ ਬਾਂਹ ਫੜਦੀ ਹੈ।

Share This :

Leave a Reply