ਗਲਾਸਗੋ: ਪ੍ਰੈਸਟਵਿਕ ਏਅਰਪੋਰਟ ‘ਤੇ ਕੋਕੀਨ ਮਾਮਲੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਪ੍ਰੇਸਟਵਿਕ ਹਵਾਈ ਅੱਡੇ ‘ਤੇ ਇੱਕ ਵਿਅਕਤੀ ਨੂੰ ਪਿਛਲੇ ਸਾਲ ਇੱਕ ਵਾਹਨ ਵਿੱਚੋਂ ਬਰਾਮਦ ਹੋਈ ਲੱਖਾਂ ਪੌਂਡ ਦੀ ਕੋਕੀਨ ਦੀ ਜਾਂਚ ਦੇ ਮਾਮਲੇ ਵਿੱਚ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹ 45 ਸਾਲਾਂ ਵਿਅਕਤੀ ਜੋ ਕਿ ਉੱਤਰੀ ਆਇਰਸ਼ਾਇਰ ਦੇ ਇਰਵਿਨ ਦਾ ਰਹਿਣ ਵਾਲਾ ਹੈ ਤੇ ਉਸਨੂੰ ਸਪੇਨ ਵੱਲ ਉਡਾਣ ਭਰਨ ਵੇਲੇ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਡੋਵਰ ਡੌਕਸ ‘ਤੇ ਮਿਲੀ ਕੋਕੀਨ ਦੀ ਕੀਮਤ ਤਕਰੀਬਨ 19.4 ਮਿਲੀਅਨ ਪੌਂਡ ਸੀ। ਗ੍ਰਿਫਤਾਰੀ ਉਪਰੰਤ ਉਸਨੂੰ ਕਾਰਲਾਇਲ ਪੁਲਿਸ ਸਟੇਸ਼ਨ ਲਿਜਾਇਆ ਗਿਆ ਜਿੱਥੇ ਅਧਿਕਾਰੀਆਂ ਦੁਆਰਾ ਉਸ ਕੋਲੋਂ ਪੁੱਛਗਿੱਛ ਕੀਤੀ ਗਈ।

ਹਾਲਾਂਕਿ ਉਸਨੂੰ ਜਾਂਚ ਅਧੀਨ ਰਿਹਾ ਕੀਤਾ ਗਿਆ ਹੈ। ਇਸ ਚੱਲ ਰਹੀ ਜਾਂਚ ਵਿੱਚ ਗ੍ਰਿਫਤਾਰ ਕੀਤਾ ਜਾਣ ਵਾਲਾ ਉਹ ਤੀਜਾ ਆਦਮੀ ਹੈ। ਇਸਤੋਂ ਪਹਿਲਾਂ ਇੰਗਲੈਂਡ ਦੇ ਉੱਤਰ -ਪੱਛਮ ਦੇ ਦੋ ਆਦਮੀਆਂ ਨੂੰ ਕੁੱਲ 30 ਸਾਲਾਂ ਤੋਂ ਵੱਧ ਸਮੇਂ ਲਈ ਨਸ਼ੀਲੇ ਪਦਾਰਥਾਂ ਦੇ ਸਬੰਧ ਵਿੱਚ ਜੇਲ੍ਹ ‘ਚ ਭੇਜਿਆ ਗਿਆ ਹੈ। ਇਸ ਮਾਮਲੇ ਦੇ ਦੋ ਦੋਸ਼ੀਆਂ ਸੇਂਟ ਹੈਲੇਨਜ਼ ਤੋਂ ਡਰਾਈਵਰ ਕ੍ਰਿਸਟੋਫਰ ਬੱਲੋਜ਼ ਅਤੇ ਬਲੈਕਬਰਨ ਤੋਂ ਉਸਦਾ ਸਾਥੀ ਮਾਰਕ ਟਕਰ ਨੂੰ ਸਤੰਬਰ 2020 ਵਿੱਚ ਡੋਵਰ ਡੌਕਸ ਵਿਖੇ ਉਨ੍ਹਾਂ ਦੀ ਕੋਚ ਨੂੰ ਰੋਕਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਬਾਰਡਰ ਫੋਰਸ ਨੇ ਤਲਾਸ਼ੀ ਦੌਰਾਨ ਇੱਕ ਵਿਸ਼ੇਸ਼ ਤੌਰ ‘ਤੇ ਬਣਾਏ ਗਏ ਗੰਦੇ ਪਾਣੀ ਦੇ ਟੈਂਕ ਵਿੱਚ ਛੁਪੀ ਕੋਕੀਨ ਨੂੰ ਜ਼ਬਤ ਕੀਤਾ ਸੀ। ਇਸ ਸਾਲ ਜੁਲਾਈ ਵਿੱਚ, ਟਕਰ ਨੂੰ ਕੈਂਟਰਬਰੀ ਕਰਾਊਨ ਕੋਰਟ ਵਿੱਚ 16 ਸਾਲ ਅਤੇ ਬੱਲੋਜ਼ ਨੂੰ 14 ਸਾਲ ਅਤੇ ਚਾਰ ਮਹੀਨਿਆਂ ਲਈ ਜੇਲ੍ਹ ਹੋਈ ਸੀ। ਜਦਕਿ ਰਾਸ਼ਟਰੀ ਅਪਰਾਧ ਏਜੰਸੀ (ਐੱਨ ਸੀ ਏ) ਅਨੁਸਾਰ ਇਸ ਤਸਕਰੀ ਦੀ ਜਾਂਚ ਅਜੇ ਜਾਰੀ ਹੈ।

Share This :

Leave a Reply