ਤਾਏ ਦੇ ਮੁੰਡੇ ਦੀਆਂ ਗ਼ਲਤ ਹਰਕਤਾਂ ਤੋਂ ਤੰਗ ਮੁਟਿਆਰ ਨੇ ਕੀਤੀ ਆਤਮ-ਹੱਤਿਆ

ਪਿੰਡ ‘ਚ ਦਿੰਦਾ ਸੀ ਬਦਨਾਮ ਕਰਨ ਦੀਆਂ ਧਮਕੀਆਂ

ਦੀਨਾਨਗਰ, ਮੀਡੀਆ ਬਿਊਰੋ:

ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ਵਿਖੇ ਇਕ ਨੌਜਵਾਨ ਕੁੜੀ ਨੇ ਆਪਣੇ ਤਾਏ ਦੇ ਲੜਕੇ ਦੀਆਂ ਗਲਤ ਹਰਕਤਾਂ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ ਹੈ। ਜਿਸ ਮਗਰੋਂ ਪੁਲਿਸ ਨੇ ਦੋਸ਼ੀ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰੁਸ਼ਪਾ ਪਤਨੀ ਸਾਬੀ ਵਾਸੀ ਡੀਡਾ ਸਾਂਸੀਆਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਨੂੰ ਕਰੀਬ ਗਿਆਰਾਂ ਸਾਲ ਹੋ ਗਏ ਹਨ। ਉਹ ਆਪਣੇ ਇੱਕ ਲੜਕੇ ਅਤੇ ਤਿੰਨ ਲੜਕੀਆਂ ਨਾਲ ਘਰ ਵਿੱਚ ਰਹਿੰਦੀ ਹੈ ਅਤੇ ਉਸਦੀ ਵੱਡੀ ਲੜਕੀ ਜਿਸ ਦੀ ਉਮਰ 23 ਸਾਲ ਹੈ, 12ਵੀਂ ਕਰਨ ਉਪਰੰਤ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਸੀ। ਉਸ ਦੇ ਗੁਆਂਢ ਵਿੱਚ ਰਹਿੰਦਾ ਉਸ ਦੇ ਜੇਠ ਦਾ ਲੜਕਾ ਗੌਰਵ ਪੁੱਤਰ ਰਛਪਾਲ ਉਸ ਦੀ ਧੀ ‘ਤੇ ਮਾੜੀ ਨਿਗ੍ਹਾ ਰੱਖਦਾ ਸੀ ਤੇ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ।

ਮ੍ਰਿਤਕਾ ਦੀ ਮਾਂ ਰੁਸ਼ਪਾ ਅਨੁਸਾਰ ਉਸ ਦੇ ਜੇਠ ਦੇ ਲੜਕੇ ਗੌਰਵ ਨੇ ਉਸ ਦੀ ਧੀ ਨਾਲ ਉਸ ਦੀ ਇੱਛਾ ਖ਼ਿਲਾਫ਼ ਸਰੀਰਕ ਸਬੰਧ ਵੀ ਬਣਾਏ ਸਨ ਤੇ ਹੁਣ ਵੀ ਵਾਰ-ਵਾਰ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਿੰਡ ਵਿੱਚ ਬਦਨਾਮ ਕਰਨ ਦੀਆਂ ਧਮਕੀਆਂ ਦਿੰਦਾ ਸੀ। ਜਿਸ ਬਾਰੇ ਉਸ ਦੀ ਧੀ ਨੇ ਜਦੋਂ ਉਸ ਨਾਲ ਜ਼ਿਕਰ ਕੀਤਾ ਤਾਂ ਉਹ ਆਪਣੇ ਜੇਠ ਦੇ ਘਰ ਉਲਾਂਭਾ ਲੈ ਕੇ ਵੀ ਗਈ ਸੀ ਪਰ ਇਸਦੇ ਬਾਵਜੂਦ ਜੇਠ ਦਾ ਲੜਕਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਰੁਸਪਾ ਅਨੁਸਾਰ ਗੌਰਵ ਦੀਆਂ ਹਰਕਤਾਂ ਤੋਂ ਤੰਗ ਉਸ ਦੀ ਧੀ ਰਾਤ ਰਾਤ ਭਰ ਰੋਂਦੀ ਰਹਿੰਦੀ ਸੀ ਤੇ ਬੀਤੀ ਸ਼ਾਮ ਉਸ ਨੇ ਇਸੇ ਦੁੱਖੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਨੂੰ ਇਲਾਜ ਲਈ ਪਠਾਨਕੋਟ ਦੇ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸਨੇ ਦਮ ਤੋੜ ਦਿੱਤਾ।

ਦੀਨਾਨਗਰ ਥਾਣੇ ਦੇ ਐਸਐਚਓ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਗੌਰਵ ਪੁੱਤਰ ਰਛਪਾਲ ਵਾਸੀ ਡੀਡਾ ਸਾਂਸੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।

Share This :

Leave a Reply