ਸੰਗਰੂਰ, ਮੀਡੀਆ ਬਿਊਰੋ:
ਜ਼ਿਲ੍ਹਾ ਜੇਲ੍ਹ ‘ਚ ਬੰਦ ਨਾਭਾ ਜੇਲ੍ਹ ਬਰੇਕ ਕੇਸ ‘ਚ ਨਾਮਜ਼ਦ ਗੈਂਗਸਟਰ ਅਮਨਦੀਪ ਸਿੰਘ ਢੋਟੀਆਂ ਨੇ ਸ਼ਨਿੱਚਰਵਾਰ ਰਾਤ ਆਪਣਾ ਗੁੱਟ ਵੱਢ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਖੁਸ਼ਕਿਸਮਤੀ ਨਾਲ ਮੌਕੇ ‘ਤੇ ਮੌਜੂਦ ਜੇਲ੍ਹ ਸਟਾਫ਼ ਨੂੰ ਇਸ ਦਾ ਪਤਾ ਲੱਗ ਗਿਆ ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਗੈਂਗਸਟਰ ਅਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ। ਕੁਝ ਸਮੇਂ ਬਾਅਦ ਪੁਲਿਸ ਉਸ ਨੂੰ ਇਲਾਜ ਤੋਂ ਬਾਅਦ ਵਾਪਸ ਜ਼ਿਲ੍ਹਾ ਜੇਲ੍ਹ ਸੰਗਰੂਰ ਲੈ ਗਈ। ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸਹਾਇਕ ਸੁਪਰਡੈਂਟ ਰਾਮ ਲਾਲ ਦੀ ਸ਼ਿਕਾਇਤ ’ਤੇ ਪੁਲਿਸ ਥਾਣਾ ਸਿਟੀ-1 ਸੰਗਰੂਰ ਨੇ ਮੁਲਜ਼ਮ ਖ਼ਿਲਾਫ਼ ਖੁਦਕੁਸ਼ੀ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਖ਼ਿਲਾਫ਼ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ।
ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਬ੍ਰੈਡ ਮਾਮਲੇ ‘ਚ ਮੁਲਜ਼ਮ ਅਮਨਦੀਪ ਸਿੰਘ ਢੋਟੀਆਂ ਜ਼ਿਲ੍ਹਾ ਸੰਗਰੂਰ ਜੇਲ੍ਹ ‘ਚ ਕੈਦੀ ਹੈ। ਜੇਲ੍ਹ ‘ਚ ਸ਼ਨਿੱਚਰਵਾਰ ਰਾਤ ਉਸ ਨੇ ਕਿਸੇ ਤਿੱਖੀ ਚੀਜ਼ ਨਾਲ ਆਪਣਾ ਗੁੱਟ ਵੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੀ ਸੱਜੀ ਬਾਂਹ ਕੱਟੀ ਗਈ ਤੇ ਖੂਨ ਵਹਿਣ ਲੱਗਾ। ਜਿਵੇਂ ਹੀ ਸੁਰੱਖਿਆ ਮੁਲਾਜ਼ਮਾਂ ਨੇ ਅਮਨਦੀਪ ਸਿੰਘ ਦੀ ਇਸ ਹਰਕਤ ਨੂੰ ਦੇਖਿਆ, ਉਸ ਨੂੰ ਤੁਰੰਤ ਬੈਰਕ ਤੋਂ ਬਾਹਰ ਕੱਢ ਕੇ ਸਖ਼ਤ ਸੁਰੱਖਿਆ ਵਿਚਕਾਰ ਸਿਵਲ ਹਸਪਤਾਲ ਸੰਗਰੂਰ ਲੈ ਗਏ ਜਿੱਥੇ ਹਾਜ਼ਰ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ। ਬੇਸ਼ੱਕ ਗੈਂਗਸਟਰ ਦੇ ਗੁੱਟ ‘ਤੇ ਕੱਟ ਲੱਗਾ ਹੈ ਪਰ ਡਾਕਟਰ ਦਾ ਕਹਿਣਾ ਹੈ ਕਿ ਮੁੱਖ ਨੱਸ ਦਾ ਬਚਾਅ ਹੋ ਗਿਆ ਹੈ ਜਿਸ ਕਾਰਨ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਇਲਾਜ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਤੋਂ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਮੁੜ ਜ਼ਿਲ੍ਹਾ ਜੇਲ੍ਹ ਵਿੱਚ ਲਿਆਂਦਾ, ਜਿੱਥੇ ਉਸ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।