ਚੰਡੀਗੜ੍ਹ, ਮੀਡੀਆ ਬਿਊਰੋ:
ਅੰਮ੍ਰਿਤਸਰ ਵਿਚ ਵਰ੍ਹਾ 2004 ਦੌਰਾਨ ਇੱਕੋ ਪਰਿਵਾਰ ਦੇ 5 ਜੀਆਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਐੱਸਐੱਸਪੀ ਕੁਲਤਾਰ ਸਿੰਘ ਦੀ ਸਜ਼ਾ, ਹਾਈ ਕੋਰਟ ਨੇ ਮੁਲਤਵੀ ਕਰ ਦਿੱਤੀ ਹੈ। ਕੁਲਤਾਰ ਸਿੰਘ ਨੇ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਹੋਇਆਂ ਸਜ਼ਾ ਮੁਲਤਵੀ ਕੀਤੇ ਜਾਣ ਦੀ ਮੰਗ ਕੀਤੀ ਸੀ। ਪਟੀਸ਼ਨ ’ਤੇ ਹਾਈ ਕੋਰਟ ਨੇ ਕਿਹਾ ਹੈ ਕਿ ਕੁਲਤਾਰ ਸਿੰਘ ਨੂੰ ਟਰਾਇਲ ਕੋਰਟ ਨੇ ਫਰਵਰੀ 2022 ਵਿਚ ਦੋਸ਼ੀ ਕਰਾਰ ਦਿੰਦਿਆਂ ਹੋਇਆਂ 8 ਸਾਲਾਂ ਦੀ ਸਜ਼ਾ ਸੁਣਾਈ ਸੀ।
ਸਜ਼ਾ ਵਿਰੁੱਧ ਉਸ ਦੀ ਅਪੀਲ ਹਾਈ ਕੋਰਟ ਵਿਚ ਲਟਕਾਅ ਅਵਸਥਾ ਵਿਚ ਸੀ। ਮੁਲਜ਼ਮ ਐੱਸਐੱਸਪੀ ਕੁਲਤਾਰ ਸਿੰਘ ਦੀ ਸਿਹਤ ਦੀ ਜਾਂਚ ਲਈ ਗਠਤ ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ਵਿਚ ਖ਼ਰਾਬ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਸਾਬਕਾ ਐੱਸਐੱਸਪੀ ਕੁਲਤਾਰ ਦੀ ਉਮਰ 76 ਸਾਲ ਦੇ ਕਰੀਬ ਹੈ। ਉਹ ਗੰਭੀਰ ਰੋਗਾਂ ਤੋਂ ਪੀੜਤ ਹੈ ਤੇ ਆਪਣਾ ਕੰਮ ਖ਼ੁਦ ਕਰਨ ਦੀ ਹਾਲਤ ਵਿਚ ਨਹੀਂ ਹੈ।
ਇਸ ਰਿਪੋਰਟ ਪਿੱਛੋਂ ਹਾਈ ਕੋਰਟ ਨੇ ਸਜ਼ਾ ਵਿਰੁੱਧ ਕੁਲਤਾਰ ਦੀ ਅਪੀਲ ਨੂੰ ਲਟਕਾਅ ਅਵਸਥਾ ਵਿਚ ਰੱਖਦਿਆਂ ਹੋਇਆਂ ਸਜ਼ਾ ਅੱਗੇ ਪਾ ਦਿੱਤੀ ਹੈ। ਯਾਦ ਰਹੇ ਵਰ੍ਹਾ 2004 ਦੌਰਾਨ ਇੱਕੋ ਪਰਿਵਾਰ ਦੇ 5 ਜੀਆਂ ਨੇ ਖ਼ੁਦਕੁਸ਼ੀ ਕਰ ਲਈ ਸੀ। ਪਰਿਵਾਰ ਦੇ ਜੀਆਂ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਘਰ ਦੀਆਂ ਕੰਧਾਂ ’ਤੇ ਆਪਣੀ ਮੌਤ ਦੇ ਜ਼ਿੰਮੇਵਾਰ ਦੇ ਤੌਰ ’ਤੇ ਕੁਲਤਾਰ ਸਿੰਘ ਦਾ ਨਾਂ ਲਿਖ ਦਿੱਤਾ ਸੀ। ਇਸ ਮਾਮਲੇ ਵਿਚ ਜਦੋਂ ਮੁਕੱਦਮਾ ਚੱਲਿਆ ਤਾਂ ਕੁਲਤਾਰ ਦੀ ਗਿ੍ਫ਼ਤਾਰੀ ਲਈ 19 ਵਾਰੰਟ ਕੱਢੇ ਗਏ ਸਨ। ਹੇਠਲੀ ਅਦਾਲਤ ਨੇ ਉਨ੍ਹਾਂ ਵਾਰੰਟਾਂ ਨੂੰ ਰੱਦ ਕਰ ਦਿੱਤਾ। ਇਸ ਸਾਬਕਾ ਪੁਲਿਸ ਅਫਸਰ ਦੇ ਵਿਰੁੱਧ ਇਕੱਤਰ ਸਬੂਤ ਅਦਾਲਤ ਵਿਚ ਪੁੱਜਣ ਤੋਂ ਪਹਿਲਾਂ ਹੀ ਗ਼ਾਇਬ ਹੋ ਚੁੱਕੇ ਹਨ। ਜੋ ਰਿਕਾਰਡ ਪੁਲਿਸ ਦੇ ਕੋਲ ਸੀ, ਉਸ ਨੂੰ ਸਾੜ ਦਿੱਤਾ ਗਿਆ ਸੀ। ਇਸ ਸਮੁੱਚੇ ਮਾਮਲੇ ਵਿਚ ਟਰਾਇਲ ਕੋਰਟ ਨੇ ਫਰਵਰੀ 2020 ਦੌਰਾਨ ਕੁਲਤਾਰ ਨੂੰ ਦੋਸ਼ੀ ਕਰਾਰ ਦੇ ਕੇ ਇਸ ਨੂੰ 8 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਸੀ।






















