ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਹੀ ਭਿ੍ਸ਼ਟਾਚਾਰ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੀ ਸਰਕਾਰ ’ਚ ਅਹਿਮ ਅਹੁਦਿਆਂ ’ਤੇ ਰਹੇ ਕਈ ਕਾਂਗਰਸੀ ਆਗੂ ਵੀ ਇਸ ਦੀ ਲਪੇਟ ’ਚ ਆ ਰਹੇ ਹਨ। ਕਾਂਗਰਸ ਸਰਕਾਰ ਵਿਚ ਪੇਂਡੂ ਵਿਕਾਸ ਮੰਤਰੀ ਰਹਿ ਚੁੱਕੇ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿਧਾਇਕ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ’ਚ ਵਧ ਸਕਦੀਆਂ ਹਨ। ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬਾਜਵਾ ਦੇ ਸਮੇਂ ਫਤਿਹਗੜ੍ਹ ਚੂੜੀਆਂ ’ਚ ਹੋਏ ਵਿਕਾਸ ਕਾਰਜਾਂ ਲਈ ਫੰਡਾਂ ਦੀ ਜਾਂਚ ਕਰਵਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਜਲਦੀ ਹੀ ਫੰਡਾਂ ਦੀ ਦੁਰਵਰਤੋਂ ਦਾ ਪਰਦਾਫਾਸ਼ ਕਰਨਗੇ।
ਪੰਜਾਬ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਸਾਬਕਾ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਹਲਕੇ ’ਚ ਕਾਫ਼ੀ ਪੈਸਾ ਗਿਆ। ਬਾਜਵਾ ਦੇ ਬਹੁਤ ਸਾਰੇ ਕਰਿੰਦੇ ਹਨ, ਜਿਨ੍ਹਾਂ ਨੇ ਘਪਲਾ ਕੀਤਾ ਹੈ॥ ਇਸ ਦੀ ਜਾਂਚ ਕਰਵਾਈ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਸੂਬੇ ’ਚ 12,500 ਪਿੰਡ ਹਨ। ਕਿੱਥੇ ਅਤੇ ਕਿੰਨਾ ਪੈਸਾ ਗਿਆ ਅਤੇ ਇਸ ’ਚ ਕਿੰਨੀ ਦੁਰਵਰਤੋਂ ਹੋਈ, ਇਸ ਦੀ ਜਾਂਚ ਵਿਚ ਕੁਝ ਸਮਾਂ ਲੱਗ ਸਕਦਾ ਹੈ। ਇਹ ਜਾਂਚ ਅਪ੍ਰੈਲ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਸਾਬਕਾ ਮੰਤਰੀ ਦੇ ਕੁਝ ਕਰਿੰਦਿਆਂ ਨੇ ਵੱਡੇ ਘਪਲੇ ਕੀਤੇ ਹਨ, ਜਿਸ ਦਾ ਜਲਦੀ ਹੀ ਪਰਦਾਫਾਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੂਬੇ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਸੂਬਾ ਸਰਕਾਰ ਨੇ ਕਰੀਬ 300 ਪੰਚਾਇਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ’ਤੇ ਰੋਕ ਲਗਾ ਦਿੱਤੀ ਸੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ।
ਇਸ ਦੇ ਨਾਲ ਹੀ ਪੇਂਡੂ ਵਿਕਾਸ ਮੰਤਰੀ ਵੱਲੋਂ ਪੰਚਾਇਤਾਂ ਨੂੰ ਦਿੱਤੇ ਗਏ ਫੰਡਾਂ ਦੀ ਜਾਂਚ ਦੀ ਗੱਲ ਕਰ ਕੇ ਇਹ ਤੈਅ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਖਿੱਚੋਤਾਣ ਵਧਣ ਵਾਲੀ ਹੈ। ਇਸ ਦੇ ਨਾਲ ਹੀ ਸਾਬਕਾ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਜਾਂਚ ਕਰਵਾਉਣ ਦਾ ਪੂਰਾ ਅਧਿਕਾਰ ਹੈ।






















