ਪੰਜਾਬ ਬਿਜਲੀ ਬੋਰਡ ਮੁਲਾਜ਼ਮ ਦੇ ਲਾਪਤਾ ਹੋਣ ਦੇ ਕੇਸ ‘ਚ ਸਾਬਕਾ ਪੁਲਿਸ ਇੰਸਪੈਕਟਰ ਮੇਜਰ ਸਿੰਘ ਦੋਸ਼ੀ ਕਰਾਰ

ਮੋਹਾਲੀ, ਮੀਡੀਆ ਬਿਊਰੋ:

ਸੀਬੀਆਈ ਅਦਾਲਤ ਨੇ ਅੱਜ ਸਾਬਕਾ ਪੁਲਿਸ ਇੰਸਪੈਕਟਰ ਮੇਜਰ ਸਿੰਘ ਨੂੰ 1991 ਦੇ ਲਾਪਤਾ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਸੰਤੋਖ ਸਿੰਘ ਜੋ ਕਿ ਪਿੰਡ ਜਸਪਾਲ ਦਾ ਰਹਿਣ ਵਾਲਾ ਸੀ ਅਤੇ ਤਤਕਾਲੀ ਪੰਜਾਬ ਰਾਜ ਬਿਜਲੀ ਬੋਰਡ (PSEB) ਦਾ ਮੁਲਾਜ਼ਮ ਸੀ, ਨੂੰ ਪੁਲਿਸ ਪਾਰਟੀ ਨੇ 31.7.1991 ਨੂੰ ਉਸਦੇ ਘਰੋਂ ਚੁੱਕ ਲਿਆ ਸੀ ਅਤੇ ਕੁਝ ਦਿਨਾਂ ਲਈ ਪੁਲਿਸ ਥਾਣਾ ਸਦਰ ਤਰਨਤਾਰਨ ਵਿਖੇ ਤਤਕਾਲੀ ਐਸ.ਐਚ.ਓ., ਇੰਸਪੈਕਟਰ ਮੇਜਰ ਸਿੰਘ ਦੀ ਹਿਰਾਸਤ ‘ਚ ਰੱਖਿਆ ਗਿਆ ਸੀ।

ਸਦਰ ਤਰਨਤਾਰਨ ਨੇ ਬਾਅਦ ਵਿਚ ਉਸ ਦੀ ਹਿਰਾਸਤ ਤੋਂ ਇਨਕਾਰ ਕਰ ਦਿੱਤਾ। ਸੰਤੋਖ ਸਿੰਘ ਦੀ ਮਾਤਾ ਨੇ ਹਾਈਕੋਰਟ ਅੱਗੇ ਰਿੱਟ ਦਾਇਰ ਕੀਤੀ ਜਿਸ ਤੋਂ ਬਾਅਦ ਜਾਂਚ ਸੀਬੀਆਈ ਨੂੰ ਸੌਂਪੀ ਗਈ। ਸੀਬੀਆਈ ਨੇ ਮੇਜਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰ ਕੇ ਚਾਰਜਸ਼ੀਟ ਦਾਇਰ ਕੀਤੀ ਪਰ ਮੁਕੱਦਮੇ ਦੌਰਾਨ ਹੋਰ ਮੁਲਜ਼ਮਾਂ ਦੀ ਮੌਤ ਹੋ ਗਈ ਤੇ ਉਨ੍ਹਾਂ ਖਿਲਾਫ਼ ਕਾਰਵਾਈ ਬੰਦ ਕਰ ਦਿੱਤੀ ਗਈ।

ਮੁਕੱਦਮੇ ਦੌਰਾਨ 28 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਤੇ ਅਖੀਰ ‘ਚ 30 ਸਾਲਾਂ ਬਾਅਦ ਮੁੱਖ ਦੋਸ਼ੀ/ਰਿਟਾ. ਇੰਸਪੈਕਟਰ ਮੇਜਰ ਸਿੰਘ ਨੂੰ ਅੱਜ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਪੀੜਤ ਧਿਰ ਦੇ ਵਕੀਲ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਿਸ ਤੇ ਸਜ਼ਾ ਦਾ ਫ਼ੈਸਲਾ ਦੋ ਵਜੇ ਤੱਕ ਹੋਣ ਦੀ ਸੰਭਾਵਨਾ ਹੈ।

Share This :

Leave a Reply