ਸਾਬਕਾ ਡੀਜੀਪੀ ਤੇ ਕਾਂਗਰਸੀ ਆਗੂ ਮੁਹੰਮਦ ਮੁਸਤਫ਼ਾ ਦੀਆਂ ਵਧ ਸਕਦੀਆਂ ਮੁਸ਼ਕਲਾਂ, ਜਾਣੋ ਕਾਰਨ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਰਣਨੀਤੀ ਸਲਾਹਕਾਰ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੰਜਾਬ ਪੁਲਿਸ ਨੇ ਮੁਹੰਮਦ ਮੁਸਤਫ਼ਾ ਦੀ ਹਿੰਦੂ ਭਾਈਚਾਰੇ ਨੂੰ ਧਮਕੀ ਦੇਣ ਵਾਲੀ ਵਾਇਰਲ ਹੋਈ ਵੀਡਿਓ ਦੀ ਆਵਾਜ਼ ਦੀ ਜਾਂਚ ਕਰਨ ਲਈ ਵੀਡਿਓ ਸੀਐੱਫਐੱਸਐੱਲ ਨੂੰ ਭੇਜ ਦਿੱਤਾ ਹੈ।

ਪੁਲਿਸ ਨੇ ਪਹਿਲਾਂ ਹੀ ਮੁਸਤਫ਼ਾ ਖਿਲਾਫ਼ ਆਈਪੀਸੀ ਦੀ ਧਾਰਾ 153ਏ ਅਤੇ 125 ਲੋਕ ਪ੍ਰਤੀਨਿਧਤਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਯਾਦ ਰਹੇ ਕਿ ਮੁਸਤਫ਼ਾ ਦੀ ਧਰਮ ਪਤਨੀ ਮਾਲੇਰਕੋਟਲਾ ਤੋ ਕਾਂਗਰਸ ਪਾਰਟੀ ਵਜੋਂ ਚੋਣ ਮੈਦਾਨ ਵਿਚ ਹਨ। ਚੋਣ ਪ੍ਰਚਾਰ ਦੌਰਾਨ ਮੀਟਿੰਗ ਕਰਨ ਨੂੰ ਲੈ ਕੇ ਹੋਏ ਵਿਵਾਦ ਵਿਚ ਮੁਸਤਫ਼ਾ ਦੀ ਹਿੰਦੂ ਭਾਈਚਾਰੇ ਨੂੰ ਧਮਕੀਆਂ ਦੇਣ ਬਾਰੇ ਵੀਡਿਓ ਵਾਇਰਲ ਹੋਈ ਸੀ। ਇਸ ਤੋਂ ਬਾਅਦ ਇਕ ਰਾਜਨੀਤਿਕ ਪਾਰਟੀ ਨੇ ਮੁੱਖ ਚੋਣ ਅਫ਼ਸਰ ਨੂੰ ਸ਼ਿਕਾਇਤ ਕੀਤੀ ਸੀ।

ਦੋ ਰਿਟਰਨਿੰਗ ਅਧਿਕਾਰੀਆਂ ਨੂੰ ਨੋਟਿਸ ਜਾਰੀ

ਉਮੀਦਵਾਰਾਂ ਬਾਰੇ ਗਲਤ ਜਾਣਕਾਰੀ ਦੇਣ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐੱਸ. ਕਰੁਣਾ ਰਾਜੂ ਨੇ ਦੋ ਰਿਟਰਨਿੰਗ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਡਾ. ਰਾਜੂ ਨੇ ਦੱਸਿਆ ਕਿ ਜਲੰਧਰ ਤੇ ਪਟਿਆਲਾ ਚੋਣ ਅਧਿਕਾਰੀਆਂ ਨੇ ਉਮੀਦਵਾਰਾਂ ਬਾਰੇ ਅਸਪਸ਼ਟ ਜਾਣਕਾਰੀ ਦਿੱਤੀ ਸੀ। ਅਧਿਕਾਰੀਆਂ ਨੇ ਉਮੀਦਵਾਰਾਂ ਵਲੋ ਦਿੱਤੇ ਗਏ ਵੇਰਵਿਆਂ ਨੂੰ ਸਹੀ ਤੇ ਤਸੱਲੀਬਖਸ਼ ਜਾਰੀ ਨਹੀਂ ਕੀਤਾ ਜਿਸ ਕਰਕੇ ਦੋਵੇਂ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।

ਆਈਜੀ ਪਟਿਆਲਾ ਤੇ ਐੱਸਐੱਸਪੀ ਫਿਰੋਜਪੁਰ ’ਤੇ ਡਿੱਗ ਸਕਦੀ ਹੈ ਗਾਜ਼

ਪਟਿਆਲਾ ਦੇ ਆਈਜੀ ਰਾਕੇਸ਼ ਅਗਰਵਾਲ ਅਤੇ ਫਿਰੋਜ਼ਪੁਰ ਦੇ ਐੱਸਐੱਸਪੀ ਨਰਿੰਦਰ ਭਾਰਗਵ ’ਤੇ ਚੋਣ ਕਮਿਸ਼ਨ ਦੀ ਗਾਜ਼ ਡਿੱਗ ਸਕਦੀ ਹੈ। ਆਈ.ਜੀ. ਰਾਕੇਸ਼ ਅਗਰਵਾਲ ਦੀ ਪਟਿਆਲਾ ਨਿਯੁਕਤੀ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਸ਼ਿਕਾਇਤ ਕੀਤੀ ਸੀ ਕਿਉਂਕਿ ਅਗਰਵਾਲ ਲੰਮਾ ਸਮਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਅਧਿਕਾਰੀ ਵਜੋਂ ਤਾਇਨਾਤ ਰਹੇ ਹਨ। ਹੁਣ ਕੈਪਟਨ ਲੋਕ ਕਾਂਗਰਸ ਪਾਰਟੀ ਵਲੋਂ ਪਟਿਆਲਾ ਤੋ ਚੋਣ ਲੜ ਰਹੇ ਹਨ।

ਇਸੇ ਤਰ੍ਹਾਂ ਐੱਸ.ਐੱਸ.ਪੀ. ਫਿਰੋਜ਼ਪੁਰ ਨਰਿੰਦਰ ਭਾਰਗਵ ਦੇ ਭਰਾ ਵਿਸ਼ਨੂੰ ਸ਼ਰਮਾ, ਜੋ ਕਿ ਸਾਬਕਾ ਮੇਅਰ ਪਟਿਆਲਾ ਹਨ, ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਹਨ। ਇਕ ਸਿਆਸੀ ਪਾਰਟੀ ਨੇ ਸ਼ਿਕਾਇਤ ਕੀਤੀ ਹੈ ਕਿ ਐੱਸ.ਐੱਸ.ਪੀ. ਫਿਰੋਜ਼ਪੁਰ ਪਟਿਆਲਾ ਵਿਚ ਆਪਣੇ ਭਰਾ ਦੀ ਮਦਦ ਕਰ ਸਕਦਾ ਹੈ। ਮੁੱਖ ਚੋਣ ਅਫ਼ਸਰ ਡਾ. ਰਾਜੂ ਨੇ ਦੱਸਿਆ ਕਿ ਆਈ.ਜੀ. ਰਾਕੇਸ਼ ਅਗਰਵਾਲ ਦੀ ਸ਼ਿਕਾਇਤ ਦੇ ਮਾਮਲੇ ਵਿਚ ਰਿਪੋਰਟ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਭੇਜੀ ਹੋਈ ਹੈ ਅਤੇ ਐੱਸ.ਐੱਸ.ਪੀ. ਫਿਰੋਜ਼ਪੁਰ ਦੀ ਰਿਪੋਰਟ ਭੇਜੀ ਜਾ ਰਹੀ ਹੈ। ਇਨ੍ਹਾਂ ਅਧਿਕਾਰੀਆਂ ਬਾਰੇ ਫੈਸਲਾ ਚੋਣ ਕਮਿਸ਼ਨ ਵਲੋਂ ਲਿਆ ਜਾਣਾ ਹੈ।

Share This :

Leave a Reply