ਸਾਬਕਾ CM ਭੱਠਲ ਨੇ ਕਿਹਾ – ਪੰਜਾਬ ‘ਚ ਕਾਂਗਰਸ ਤੇ ‘ਆਪ’ ਦਾ ਗਠਜੋੜ ਸੰਭਵ

‘ਆਪ’ ਨੇ ਨਕਾਰਿਆ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ‘ਚ ਕਿਹੜੀ ਸਿਆਸੀ ਪਾਰਟੀ ਸੱਤਾ ‘ਚ ਆਵੇਗੀ, ਇਹ ਤਾਂ 10 ਮਾਰਚ ਨੂੰ ਪਤਾ ਲੱਗੇਗਾ ਪਰ ਇਸ ਤੋਂ ਪਹਿਲਾਂ ਹੀ ਨੇਤਾਵਾਂ ਦੇ ਆ ਰਹੇ ਬਿਆਨਾਂ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਜੇਕਰ ਪੰਜਾਬ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਦਾ ਤਾਂ ਜਿਸ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲਣਗੀਆਂ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ।

ਭੱਠਲ ਨੇ ਕਿਹਾ ਕਿ ਜਿਸ ਕੋਲ ਜ਼ਿਆਦਾ ਸੀਟਾਂ ਹੋਣਗੀਆਂ, ਮੁੱਖ ਮੰਤਰੀ ਵੀ ਉਸੇ ਦਾ ਹੋਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋ ਸਕਦਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਭੱਠਲ ਵੱਲੋਂ ਕੀਤੇ ਗਠਜੋੜ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਦੱਸ ਦੇਈਏ ਕਿ 2013 ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਸੀ ਪਰ ਇਹ ਸਰਕਾਰ ਸਿਰਫ਼ 49 ਦਿਨ ਹੀ ਚੱਲ ਸਕੀ ਸੀ। ਇਸ ਤੋਂ ਬਾਅਦ ਕਾਂਗਰਸ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਭੱਠਲ ਨੇ ਕਿਹਾ ਕਿ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਦੀ ਸਰਕਾਰ ਬਣੇ। ਲੋਕ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਰੱਖਣਾ ਚਾਹੁੰਦੇ ਹਨ।

ਯਾਦ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਕਾਰਨ ਭਾਜਪਾ ਨੂੰ ਛੱਡ ਦਿੱਤਾ ਸੀ। ਇਸ ਵਾਰ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰਕੇ ਚੋਣ ਲੜੀ ਹੈ। ਇਸ ਦੇ ਨਾਲ ਹੀ ਭਾਜਪਾ ਨੇ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਕੁਝ ਹੋਰ ਸਿਆਸੀ ਪਾਰਟੀਆਂ ਨਾਲ ਮਿਲ ਕੇ ਚੋਣਾਂ ਲੜੀਆਂ ਹਨ। ਪੰਜਾਬ ਦੀ ਸੱਤਾ ਦੀ ਚਾਬੀ ਕਿਸ ਪਾਰਟੀ ਕੋਲ ਹੋਵੇਗੀ, ਇਹ ਅਗਲੇ ਹਫ਼ਤੇ ਸਪੱਸ਼ਟ ਹੋ ਜਾਵੇਗਾ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ। ਸੂਬੇ ਵਿੱਚ ਬਹੁਮਤ ਲਈ 59 ਵਿਧਾਇਕਾਂ ਦੀ ਲੋੜ ਹੈ।

Share This :

Leave a Reply