ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਦੇ ਨਵੇਂ ਡੀਜੀਪੀ ਵੀਕੇ ਭਾਵਡ਼ਾ ਹੋ ਸਕਦੇ ਹਨ। ਯੂਪੀਐੱਸਸੀ ਵਲੋਂ ਡੀਜੀਪੀ ਦੀ ਕੱਟ ਆਫ ਡੇਟ 30 ਸਤੰਬਰ ਦੀ ਬਜਾਏ 5 ਅਕਤੂਬਰ ਨੂੰ ਮੰਨਣ ਦੇ ਕਾਰਨ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚੱਟੋਪਾਧਿਆਏ ਡੀਜੀਪੀ ਦੀ ਦੌਡ਼ ਤੋਂ ਬਾਹਰ ਹੋ ਗਏ ਹਨ। ਪੈਨਲ ’ਚ ਪਹਿਲੇ ਨੰਬਰ ’ਤੇ 1997 ਬੈਚ ਦੇ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ, ਦੂਜੇ ਨੰਬਰ ’ਤੇ ਵੀਰੇਸ਼ ਕੁਮਾਰ ਭਾਵਡ਼ਾ ਤੇ ਤੀਜੇ ਨੰਬਰ ’ਤੇ 1988 ਬੈਚ ਦੇ ਪ੍ਰਬੋਧ ਕੁਮਾਰ ਦਾ ਨਾਂ ਹੈ। ਹਾਲਾਂਕਿ ਸਰਕਾਰ ’ਚ ਉਨ੍ਹਾਂ ਨੂੰ ਹਟਾਉਣ ਤੇ ਉਨ੍ਹਾਂ ਦੀ ਥਾਂ ਵੀਕੇ ਭਾਵਡ਼ਾ ਨੂੰ ਨਵਾਂ ਡੀਜੀਪੀ ਲਗਾਉਣ ’ਤੇ ਭੰਬਲਭੂਸਾ ਬਰਕਰਾਰ ਹੈ। ਮੰਗਲਵਾਰ ਨੂੰ ਯੂਪੀਐੱਸਸੀ ਦੀ ਮੀਟਿੰਗ ’ਚ ਵੀ ਸੂਬਾ ਸਰਕਾਰ ਵਲੋਂ ਡੀਜੀਪੀ ਲਈ ਕੱਟ ਆਫ਼ ਡੇਟ 30 ਸਤੰਬਰ ਮੰਨਣ ਦੀ ਦਲੀਲ ਦਿੱਤੀ ਗਈ ਅਤੇ ਕਿਹਾ ਕਿ ਸਰਕਾਰ ਨੇ ਡੀਜੀਪੀ ਲਈ ਪੈਨਲ 30 ਸਤੰਬਰ ਨੂੰ ਭੇਜ ਦਿੱਤਾ ਸੀ ਪਰ ਯੂਪੀਐੱਸਸੀ ਨੇ ਮੁਡ਼ ਸਾਫ਼ ਕਰ ਦਿੱਤਾ ਕਿ 30 ਸਤੰਬਰ ਨੂੰ ਉਦੋਂ ਦੇ ਡੀਜੀਪੀ ਦਿਨਕਰ ਗੁਪਤਾ ਕੈਜ਼ੂਅਲ ਛੁੱਟੀ ’ਤੇ ਸਨ, ਉਨ੍ਹਾਂ ਨੂੰ ਚਾਰ ਅਕਤੂਬਰ ਨੂੰ ਅਹੁਦੇ ਤੋਂ ਹਟਾਇਆ ਗਿਆ। ਅਜਿਹੇ ’ਚ ਕੱਟ ਆਫ਼ ਡੇਟ 5 ਅਕਤੂਬਰ ਬਣਦੀ ਹੈ। ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾਡ਼ੀ ਦੀਆਂ ਦਲੀਲਾਂ ’ਤੇ ਅਸਹਿਮਤੀ ਪ੍ਰਗਟ ਕਰਦੇ ਹੋਏ ਯੂਪੀਐੱਸਸੀ ਨੇ ਸੀਲਬੰਦ ਲਿਫਾਫੇ ’ਚ ਪੈਨਲ ਉਨ੍ਹਾਂ ਨੂੰ ਸੌਂਪ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ, ਮੁੱਖ ਸਕੱਤਰ ਨੇ ਇਹ ਲਿਫਾਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਹੈ ਤੇ ਇਸ ਸਬੰਧੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਹੈ, ਨੇ ਅੱਜ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਕਿਉਂ ਹਨ ਵੀਕੇ ਭਾਵਡ਼ਾ ਅੱਗੇ
ਯੂਪੀਐੱਸਸੀ ਨੇ ਜਿਨ੍ਹਾਂ ਤਿੰਨ ਨਾਂਵਾਂ ਨੂੰ ਪੈਨਲ ’ਚ ਰੱਖਿਆ ਹੈ, ਉਨ੍ਹਾਂ ਵਿਚ ਪਹਿਲੇ ਨੰਬਰ ’ਤੇ ਦਿਨਕਰ ਗੁਪਤਾ, ਦੂਜੇ ’ਤੇ ਵੀਕੇ ਭਾਵਡ਼ਾ ਤੇ ਤੀਜੇ ’ਤੇ ਪ੍ਰਬੋਧ ਕੁਮਾਰ ਦਾ ਨਾਂ ਹੈ। ਦਿਨਕਰ ਗੁਪਤਾ ਨੇ ਗ੍ਰਹਿ ਵਿਭਾਗ ਨੂੰ ਲਿਖ ਕੇ ਦਿੱਤਾ ਹੋਇਆ ਹੈ ਕਿ ਉਹ ਡੀਜੀਪੀ ਬਣਨ ਦੇ ਚਾਹਵਾਨ ਨਹੀਂ ਹਨ। ਉਨ੍ਹਾਂ ਕੇਂਦਰ ’ਚ ਜਾਣ ਦੀ ਇੱਛਾ ਵੀ ਪ੍ਰਗਟਾਈ ਹੈ। ਅਜਿਹੇ ’ਚ ਦੂਜੇ ਨੰਬਰ ’ਤੇ ਵੀਕੇ ਭਾਵਡ਼ਾ ਹੋਣ ਦੇ ਕਾਰਨ ਉਹ ਡੀਜੀਪੀ ਦੀ ਰੇਸ ’ਚ ਹੁਣ ਸਭ ਤੋਂ ਅੱਗੇ ਹਨ। ਭਾਵਡ਼ਾ ਪਹਿਲਾਂ ਵੀ ਏਡੀਜੀਪੀ ਦੇ ਤੌਰ ’ਤੇ ਚੋਣ ਕਰਵਾ ਚੁੱਕੇ ਹਨ ਤੇ ਜੇਕਰ ਸਿਧਾਰਥ ਚੱਟੋਪਾਧਿਆਏ ਨੂੰ ਹਟਾਇਆ ਜਾਂਦਾ ਹੈ ਤਾਂ ਭਾਵਡ਼ਾ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਕਰਵਾਉਣਗੇ। ਤੀਜੇ ਨੰਬਰ ’ਤੇ ਪ੍ਰਬੋਧ ਕੁਮਾਰ ਦਾ ਨਾਂ ਹੈ, ਜਿਨ੍ਹਾਂ ਕੇਂਦਰ ’ਚ ਡੈਪੂਟੇਸ਼ਨ ’ਤੇ ਜਾਣ ਦੀ ਇਜਾਜ਼ਤ ਮੰਗੀ ਹੋਈ ਹੈ। ਉਹ ਸਰਕਾਰ ਦੀ ਪਸੰਦ ਵੀ ਨਹੀਂ ਹਨ। ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਬਣਾਈ ਐੱਸਆਈਟੀ ’ਚ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਰਾਜ਼ ਸਨ, ਇਸ ਲਈ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਹਟੇ ਤੇ ਗ੍ਰਹਿ ਵਿਭਾਗ ਕੈਪਟਨ ਅਮਰਿੰਦਰ ਸਿੰਘ ਤੋਂ ਸੁਖਜਿੰਦਰ ਸਿੰਘ ਰੰਧਾਵਾ ਕੋਲ ਆਇਆ, ਪ੍ਰਬੋਧ ਕੁਮਾਰ ਨੇ ਕੇਂਦਰ ’ਚ ਜਾਣ ਦੀ ਇੱਛਾ ਪ੍ਰਗਟਾ ਦਿੱਤੀ।
ਜਿਨ੍ਹਾਂ ਲਈ ਭਿਡ਼ੇ ਸਿੱਧੂ-ਚੰਨੀ, ਦੋਵੇਂ ਪੈਨਲ ਤੋਂ ਬਾਹਰ
ਦਿਲਚਸਪ ਗੱਲ ਇਹ ਹੈ ਕਿ ਆਪੋ-ਆਪਣੀ ਪਸੰਦ ਦੇ ਜਿਨ੍ਹਾਂ ਦੋ ਅਫਸਰਾਂ ਨੂੰ ਡੀਜੀਪੀ ਲਗਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਿਡ਼ੇ ਹੋਏ ਸਨ, ਉਹ ਦੋਵੇਂ ਅਫਸਰ ਹੀ ਪੈਨਲ ਤੋਂ ਬਾਹਰ ਹੋ ਗਏ ਹਨ। ਨਵਜੋਤ ਸਿੱਧੂ ਚੱਟੋਪਾਧਿਆਏ ਦੇ ਹੱਕ ’ਚ ਹਨ ਅਤੇ ਉਨ੍ਹਾਂ ਨੂੰ ਡੀਜੀਪੀ ਲਵਾਉਣ ਲਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਤਕ ਦੇ ਦਿੱਤਾ ਜਦਕਿ ਦੂਜੇ ਪਾਸੇ ਮੁੱਖ ਮੰਤਰੀ ਬਣਦੇ ਹੀ ਚੰਨੀ ਨੇ ਚੱਟੋਪਾਧਿਆਏ ਦੀ ਥਾਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਲਗਾ ਦਿੱਤਾ। ਹੁਣ ਜਦੋਂ ਯੂਪੀਐੱਸਸੀ ਨੂੰ ਸਥਾਈ ਡੀਜੀਪੀ ਲਗਾਉਣ ਲਈ ਦਸ ਅਫਸਰਾਂ ਦਾ ਪੈਨਲ ਭੇਜਿਆ ਗਿਆ ਤਾਂ ਉਸ ਵਿਚ ਨਾ ਤਾਂ ਸਿਧਾਰਥ ਚੱਟੋਪਾਧਿਆਏ ਦਾ ਨਾਂ ਹੈ ਤੇ ਨਾ ਹੀ ਇਕਬਾਲਪ੍ਰੀਤ ਸਿੰਘ ਸਹੋਤਾ ਦਾ।