ਬਠਿੰਡਾ, ਮੀਡੀਆ ਬਿਊਰੋ: ਕੋਰੋਨਾ ਦੇ ਚੱਲਦਿਆਂ ਦੋ ਸਾਲਾਂ ਬਾਅਦ ਇਸ ਵਾਰ ਵਿਸਾਖੀ ਦਾ ਮੇਲਾ ਭਰਨ ਦੀ ਸੰਭਾਵਨਾ ਹੈ। ਕੋਰੋਨਾ ਕਾਰਨ ਪਿਛਲੇ ਦੋ ਸਾਲ ਮੇਲੇ ਲਈ ਲੋਕਾਂ ਵਿਚ ਬਹੁਤ ਘੱਟ ਉਤਸ਼ਾਹ ਦੇਖਣ ਨੂੰ ਮਿਲਿਆ ਸੀ, ਜਦੋਂਕਿ 2019 ਵਿਚ ਕੋਰੋਨਾ ਦੇ ਪ੍ਰਕੋਪ ਦੇ ਚੱਲਦਿਆਂ ਮੇਲਾ ਨਹੀਂ ਲੱਗ ਸਕਿਆ ਸੀ। ਇਸ ਵਾਰ ਮੇਲੇ ਵਿਚ ਕੋਈ ਵੀ ਵੱਡੀ ਪਾਰਟੀ ਸਿਆਸੀ ਕਾਨਫਰੰਸ ਨਹੀਂ ਕਰ ਰਹੀ, ਹਾਲਾਂਕਿ ਕਾਨਫਰੰਸ ਲਈ ਸ੍ਰੋਮਣੀ ਅਕਾਲੀ ਦਲ ਮਾਨ ਅਤੇ ਬਸਪਾ ਵੱਲੋਂ ਸ੍ਰੋਮਣੀ ਕਮੇਟੀ ਨੂੰ ਅਰਜ਼ੀਆਂ ਦਿੱਤੀਆਂ ਗਈਆਂ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਅਕਾਲੀ ਦਲ ਵਿਸਾਖੀ ਮੇਲੇ ਮੌਕੇ ਕਾਨਫਰੰਸ ਨਹੀਂ ਕਰੇਗਾ। ਹੁਣ ਤਕ ਜਿੰਨੇ ਵੀ ਵਿਸਾਖੀ ਮੇਲੇ ਹੋਏ ਹਨ, ਸ੍ਰੋਮਣੀ ਅਕਾਲੀ ਦਲ ਵਿਸਾਖੀ ਮੌਕੇ ਸਿਆਸੀ ਕਾਨਫਰੰਸਾਂ ਕਰਦਾ ਆ ਰਿਹਾ ਹੈ। ਭਾਵੇਂ ਕਈ ਹੋਰ ਸਿਆਸੀ ਪਾਰਟੀਆਂ ਸਮੇਂ-ਸਮੇਂ ’ਤੇ ਆਪਣੀਆਂ ਸਿਆਸੀ ਕਾਨਫਰੰਸਾਂ ਰੱਦ ਕਰਦੀਆਂ ਰਹੀਆਂ ਹਨ ਪਰ ਸ੍ਰੋਮਣੀ ਅਕਾਲੀ ਦਲ ਵੱਲੋਂ ਕਦੇ ਵੀ ਕਾਨਫਰੰਸ ਰੱਦ ਨਹੀਂ ਕੀਤੀ ਗਈ।
ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਵੱਲੋਂ ਰੈਲੀ ਨਹੀਂ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਨੇ ਦੱਸਿਆ ਕਿ ਇਸ ਵਾਰ ਵਿਸਾਖੀ ਮੇਲੇ ਮੌਕੇ ਆਮ ਆਦਮੀ ਪਾਰਟੀ ਵੱਲੋਂ ਤਲਵੰਡੀ ਸਾਬੋ ਵਿਖੇ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ। ਪਾਰਟੀ ਵੱਲੋਂ ਉਨ੍ਹਾਂ ਨੂੰ ਅਜਿਹਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਬਰਾਡ਼ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਅਜਿਹੀ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 15 ਦਿਨ ਪਹਿਲਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਾਨਫਰੰਸ ਕਰਵਾਈ ਜਾਣੀ ਹੈ। ਪ੍ਰਬੰਧ ਕੀਤੇ ਜਾਣ ਅਤੇ ਵਰਕਰਾਂ ਨੂੰ ਸੂਚਿਤ ਕੀਤਾ ਜਾਵੇ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਨਰੂਆਣਾ ਨੇ ਦੱਸਿਆ ਕਿ ਇਸ ਵਾਰ ਕਾਂਗਰਸ ਪਾਰਟੀ ਨੇ ਵਿਸਾਖੀ ਮੇਲੇ ਮੌਕੇ ਕਾਨਫਰੰਸ ਨਾ ਕਰਨ ਦਾ ਫੈਸਲਾ ਕੀਤਾ ਹੈ। ਵਿਸਾਖੀ ਮੇਲਾ ਇਕ ਧਾਰਮਿਕ ਮੇਲਾ ਹੈ। ਇਸ ਕਾਰਨ ਅਸੀਂ ਸਿਆਸੀ ਕਾਨਫਰੰਸ ਨਹੀਂ ਕਰ ਰਹੇ ਹਾਂ। ਕਾਂਗਰਸ ਪਾਰਟੀ ਵੈਸੇ ਵੀ ਕਈ ਧਾਰਮਿਕ ਮੇਲਿਆਂ ’ਤੇ ਸਿਆਸੀ ਰੈਲੀਆਂ ਨਹੀਂ ਕਰਦੀ।