ਨਵੀਂ ਦਿੱਲੀ, ਮੀਡੀਆ ਬਿਊਰੋ:
ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਖਤਮ ਹੋ ਗਈ ਹੈ। ਮੁੱਖ ਮੰਤਰੀ ਬਣਨ ਮਗਰੋਂ ਪ੍ਰਧਾਨ ਮੰਤਰੀ ਨਾਲ ਪਹਿਲੀ ਰਸਮੀ ਮੁਲਾਕਾਤ ਮੌਕੇ ਭਗਵੰਤ ਮਾਨ ਨੇ ਉਹਨਾਂ ਨੂੰ ਚਰਖਾ ਅਤੇ ਫੁਲਕਾਰੀ ਭੇਂਟ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਭਗਵੰਤ ਮਾਨ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਜਾਣਗੇ।
ਸੂਬੇ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਰਸਮੀ ਮੁਲਾਕਾਤ ਸੀ। ਭਗਵੰਤ ਮਾਨ ਕੁਝ ਸਮੇਂ ਬਾਅਦ ਮੀਟਿੰਗ ਵਿਚ ਹੋਈ ਚਰਚਾ ਬਾਰੇ ਦੱਸਣਗੇ। ਅੱਜ ਦੀ ਮੀਟਿੰਗ ਵਿਚ ਵੀ ਪੀਐਮ ਮੋਦੀ ਨੇ ਭਰੋਸਾ ਦਿੱਤਾ ਕਿ ਉਹ ਪੰਜਾਬ ਸਰਕਾਰ ਨਾਲ ਸਬੰਧਤ ਮੁੱਦਿਆਂ ਬਾਰੇ ਪੂਰੀ ਮਦਦ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਟਵਿਟਰ ‘ਤੇ ਇਸ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਗਈ ਹੈ।
ਭਗਵੰਤ ਮਾਨ ਨੇ 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨਗੇ।