ਚੰਡੀਗੜ੍ਹ (ਮੀਡੀਆ ਬਿਊਰੋ): ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਬਾਰੇ ਰਾਜਨੀਤਿਕ ਉਮੀਦ ਜਾਹਿਰ ਕਰਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਤੋਂ ਬਰਖ਼ਾਸਤ ਕੀਤੇ ਗਏ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਐਤਵਾਰ ਨੰੂ ਰੋਹਦ ਤੋਂ ਕਿਸਾਨ ਯਾਤਰਾ ਕੱਢ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਹੈ। ਸੈਂਕੜਿਆਂ ਦੀ ਗਿਣਤੀ ‘ਚ ਵਾਹਨਾਂ ਦੇ ਕਾਿਫ਼ਲੇ ਨਾਲ ਸਿੰਘੂ ਬਾਰਡਰ ਲਈ ਰਵਾਨਾ ਹੋਣ ਤੋਂ ਪਹਿਲਾਂ ਗੁਰਨਾਮ ਚੜੂਨੀ ਨੇ ਸਰ ਛੋਟੂਰਾਮ ਦੀ ਧਰਤੀ ਤੋਂ ਕਿਸਾਨਾਂ ਨੂੰ ਉਨ੍ਹਾਂ ਵਾਂਗ ਰਾਜਨੀਤੀ ‘ਚ ਆਉਣ ਦੀ ਅਪੀਲ ਕਰ ਕੇ ਇਕ ਵਾਰ ਫਿਰ ਤੋਂ ਆਪਣੇ ਇਰਾਦੇ ਸਾਫ਼ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ ਜਾਰੀ ਰਹੇਗਾ। ਚੜੂਨੀ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਭਾਜਪਾ ਨੂੰ ਹਰਾਉਣ ਨਾਲ ਕਾਨੂੰਨ ਵਾਪਸ ਨਹੀਂ ਹੋਣਗੇ। ਅਜਿਹਾ ਮੇਰਾ ਤਜਰਬਾ ਕਹਿੰਦਾ ਹੈ। ਜੇ ਇਹ ਕਾਨੂੰਨ ਵਾਪਸ ਹੋ ਵੀ ਜਾਣ ਤਾਂ ਵੀ ਸਾਡੇ ਡੈੱਥ ਵਾਰੰਟ ਵਾਪਸ ਨਹੀਂ ਹੋਣਗੇ। ਅਸੀਂ ਵੈਂਟੀਲੇਟਰ ਤੋਂ ਨਹੀਂ ਉਤਰਾਂਗੇ।
ਜੇ ਕਿਸਾਨਾਂ ਨੇ ਵੈਂਟੀਲੇਟਰ ਤੋਂ ਉਤਰਨਾ ਹੈ, ਉਸ ਦਾ ਮੁਕੰਮਲ ਇਲਾਜ ਕਰਨਾ ਹੈ ਤਾਂ ਫਿਰ ਸਾਨੂੰ ਸੱਤਾ ਦੇ ਲੁਟੇਰਿਆਂ ਤੋਂ ਸੱਤਾ ਖੋਹਣੀ ਪਵੇਗੀ। ਉਨ੍ਹਾਂ ਪੰਜਾਬ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇੱਥੇ 80 ਤੋਂ 90 ਲੱਖ ਵੋਟ ਕਿਸਾਨਾਂ ਦੇ ਹਨ, ਜਦੋਂ ਕਿ ਇੱਥੇ 69 ਲੱਖ ਵੋਟਾਂ ਨਾਲ ਸਰਕਾਰ ਬਣੀ ਹੈ। ਸਰਕਾਰ ਬਣਾਉਣ ਲਈ ਵੋਟ ਤਾਂ ਇਨ੍ਹਾਂ ਦੇ ਹੀ ਹਨ। ਕਿਤੇ ਨਹੀਂ ਜਾਣਾ। ਸੜਕ ‘ਤੇ ਨਹੀਂ ਬੈਠਣਾ। ਕਿਸੇ ਨਾਲ ਟੱਕਰ ਨਹੀਂ ਲੈਣੀ। ਆਪਣੀ ਵੋਟ ਆਪਣੇ ਆਪ ਨੂੰ ਪਾਓ (ਭਾਵ ਕਿਸਾਨ ਨੇਤਾ ਨੂੰ ਪਾਓ) ਬੱਸ ਹੋ ਗਿਆ ਕੰਮ। ਜੇ ਇਹ ਕੰਮ ਨਹੀਂ ਕਰ ਸਕਦੇ ਤੇ ਦੂਜੀਆਂ ਸਿਆਸੀ ਪਾਰਟੀਆਂ ਦੀ ਚਾਪਲੂਸੀ ਕਰਨ ਲਈ ਜਾਂਦੇ ਹੋ ਤਾਂ ਫਿਰ ਸੜਕਾਂ ‘ਤੇ ਕਿਉਂ ਬੈਠੇ ਹੋ। ਇਸ ਲਈ ਬੁਰੇ ਲੋਕਾਂ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਚੰਗੇ ਲੋਕਾਂ ਨੂੰ ਰਾਜਨੀਤੀ ‘ਚ ਆਉਣਾ ਪਵੇਗਾ।
ਰੋਹਦ ‘ਚ ਸਰ ਛੋਟੂ ਰਾਮ ਨੂੰ ਯਾਦ ਕਰਦੇ ਹੋਏ ਗੁਰਨਾਮ ਚੜੂਨੀ ਨੇ ਕਿਹਾ ਕਿ ਜੇ ਉਹ ਸੱਤਾ ‘ਚ ਨਹੀਂ ਹੁੰਦੇ ਤਾਂ ਕੀ ਕੋਈ ਕਿਸਾਨਾਂ ਦਾ ਭਲਾ ਕਰ ਸਕਦਾ ਸੀ। ਇਸ ਗੱਲ ਨੂੰ ਸੰਯੁਕਤ ਮੋਰਚਾ ਨੂੰ ਸਮਝਾਉਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਗੱਲਾਂ ਲੋਕ ਨਹੀਂ ਸਮਝਦੇ। ਮੋਰਚੇ ਨੇ ਸਾਨੂੰ ਸਜ਼ਾ ਦਿੱਤੀ, ਉਹ ਅਸੀਂ ਅੰਦੋਲਨ ਨੂੰ ਦੋ ਫਾੜ ਹੋਣ ਤੋਂ ਬਚਾਉਣ ਲਈ ਭੁਗਤ ਲਈ। ਦੂਜੇ ਪਾਸੇ, ਚੜੂਨੀ ਖ਼ਾਲਿਸਤਾਨ ਖ਼ਿਲਾਫ਼ ਬੋਲਣ ਤੋਂ ਬਚਦੇ ਰਹੇ। ਉਨ੍ਹਾਂ ਕਿਹਾ ਕਿ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ‘ਤੇ ਨਾ ਬੋਲਿਆ ਜਾਵੇ ਤਾਂ ਗਲਤ ਤੇ ਜੇ ਕੋਈ ਬੋਲੇ ਤਾਂ ਵੀ ਗਲਤ। ਪੱਤਰਕਾਰਾਂ ਦੇ ਇਸ ਸਵਾਲ ‘ਤੇ ਚੜੂਨੀ ਨੇ ਇਸ ਨੂੰ ਵਿਵਾਦਤ ਵੀ ਕਰਾਰ ਦਿੱਤਾ ਤੇ ਇਸ ਤਰ੍ਹਾਂ ਦੀ ਗੱਲਾਂ ਨਾ ਪੁੱਛਣ ਦੀ ਗੱਲ ਕਹੀ। ਚੜੂਨੀ ਨੇ ਕਿਹਾ ਕਿ ਦੇਸ਼ ਨੂੰ ਅੱਗੇ ਵਧਾਉਣ ਵਾਲੀ ਗੱਲ ਪੁੱਛੋ, ਉਹ ਗੱਲ ਨਹੀਂ ਜਿਸ ਨਾਲ ਡੰਡਾ ਵੱਜੇ।
ਚੜੂਨੀ ਨੇ ਸਰਕਾਰ ਤੇ ਕਿਸਾਨਾਂ ਨੂੰ ਦਿੱਤਾ ਸੰਦੇਸ਼
ਰੋਹਦ ਟੋਲ ਤੋਂ ਆਪਣੀ ਅਗਵਾਈ ‘ਚ ਸਿੰਘੂ ਬਾਰਡਰ ਲਈ ਕਿਸਾਨਾਂ ਦਾ ਕਾਿਫ਼ਲਾ ਰਵਾਨਾ ਕਰਨ ਤੋਂ ਪਹਿਲਾਂ ਗੁਰਨਾਮ ਚੜੂਨੀ ਨੇ ਕਿਸਾਨਾਂ ਤੇ ਸਰਕਾਰ ਦੋਵਾਂ ਨੂੰ ਸੰਦੇਸ਼ ਦਿੱਤਾ। ਸਰਕਾਰ ਨੂੰ ਇਹ ਕਿ ਕਿਸਾਨ ਅਜੇ ਸੁੱਤੇ ਨਹੀਂ ਹਨ। ਕਿਸਾਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਅਜੇ ਅੰਦੋਲਨ ਖ਼ਤਮ ਨਹੀਂ ਹੋਇਆ ਹੈ। ਅਜਿਹੇ ‘ਚ ਉਨ੍ਹਾਂ ਨੂੰ ਅੰਦੋਲਨ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਭਵਿੱਖ ‘ਚ ਵੀ ਹੋਣਗੀਆਂ। ਪੰਜ ਅਗਸਤ ਨੂੰ ਕੈਥਲ ਤੋਂ, 15 ਨੂੰ ਸ਼ਾਹਾਬਾਦ ਤੋਂ ਅਤੇ 20 ਨੂੰ ਅਨੰਦਪੁਰ ਸਾਹਿਬ ਤੋਂ ਕਿਸਾਨ ਯਾਤਰਾ ਕੱਢੀ ਜਾਵੇਗੀ। ਚੜੂਨੀ ਨੇ ਕਿਹਾ ਕਿ ਉਹ ਭਾਜਪਾ ਦੀ ਤਿਰੰਗਾ ਯਾਤਰਾ ਦਾ ਵਿਰੋਧ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਤਿਰੰਗਾ ਯਾਤਰਾ ਬਹਾਨੇ ਭਾਜਪਾ ਅੰਦੋਲਨ ਕਰਨ ਵਾਲਿਆਂ ਨਾਲ ਟਕਰਾਉਣ ਦਾ ਬਹਾਨਾ ਲੱਭ ਰਹੀ ਹੈ। ਤਿਰੰਗੇ ਦੇ ਬਹਾਨੇ ਭਾਜਪਾ ਦੀ ਪਿੰਡਾਂ ‘ਚ ਵੜ੍ਹਨ ਦੀ ਯੋਜਨਾ ਹੈ। ਭਾਕਿਯੂ ਮਾਨ ਗੁੱਟ ਦੇ ਗੁਣੀਪ੍ਰਕਾਸ਼ ਦੇ ਬਿਆਨ ‘ਤੇ ਚੜੂਨੀ ਨੇ ਕਿਹਾ ਕਿ ਉਹ ਮੇਰੇ ਖ਼ਿਲਾਫ਼ ਅਨਾਬ-ਸ਼ਨਾਬ ਬੋਲ ਕੇ ਟੀਆਰਪੀ ਹਾਸਲ ਕਰਨਾ ਚਾਹੁੰਦੇ ਹਨ। ਗੁਣੀਪ੍ਰਕਾਸ਼ ਪਹਿਲਾਂ ਵੀ ਕੁੱਟਮਾਰ ਦਾ ਸ਼ਿਕਾਰ ਹੋ ਚੱਕੇ ਹਨ ਤੇ ਹੋ ਸਕਦਾ ਹੈ ਪਿੰਡ ‘ਚ ਮੁੜ ਤੋਂ ਕਿਸੇ ਕੋਲੋਂ ਕੁੱਟ ਖਾ ਲੈਣ।