ਖੰਨਾ (ਪਰਮਜੀਤ ਸਿੰਘ ਧੀਮਾਨ) – ਨੇੜਲੇ ਪਿੰਡ ਜਲਾਜਣ ਵਿਖੇ ਸ਼ਹੀਦ ਬਾਬਾ ਖਜਾਨ ਸਿੰਘ ਸਪੋਰਟਸ ਕਲੱਬ, ਦੰਗਲ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਸ ਵਿੱਚ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਨੇ ਬੱਗਾ ਕੁਹਾਲੀ ਨੂੰ ਹਰਾ ਕੇ ਜਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਸ਼ੇਰ ਸਿੰਘ, ਬਾਬਾ ਤੇਜਾ ਸਿੰਘ ਅਤੇ ਸਨੀ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਵੱਖ-ਵੱਖ ਅਖਾੜਿਆਂ ਦੇ 120 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਨਾਜਰ ਸਿੰਘ ਖੇੜੀ, ਜੱਸੀ ਰਾਈਏਵਾਲ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ।
ਇਸ ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਬੱਗਾ ਕੁਹਾਲੀ ਵਿਚਕਾਰ ਹੋਈ, ਜਿਸ ਵਿੱਚ ਦੋਵਾਂ ਪਹਿਲਵਾਨਾਂ ਵਿੱਚ ਗਹਿਗੱਚਵਾਂ ਮੁਕਾਬਲਾ ਹੋਇਆ, ਜਿਸ ਵਿੱਚ ਕਮਲਜੀਤ ਡੂਮਛੇੜੀ ਨੇ ਬਾਬਾ ਕੁਹਾਲੀ ਨੂੰ ਹਰਾ ਦਿੱਤਾ ਅਤੇ ਇਸ ਕੁਸ਼ਤੀ ਦਾ ਦਰਸ਼ਕਾਂ ਵੱਲੋਂ ਖੂਬ ਅਨੰਦ ਮਾਣਿਆ ਗਿਆ। ਦੋ ਨੰਬਰ ਝੰਡੀ ਦੀ ਕੁਸ਼ਤੀ ਰਵੀ ਰੌਣੀ ਨੇ ਸਨੀ ਰਾਈਏਵਾਲ ਦੀ ਪਿੱਠ ਧਰਤੀ ਨਾਲ ਲਗਾ ਜਿੱਤ ਲਈ।
ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਗੁਰਸੇਵਕ ਮਲਕਪੁਰ ਨੇ ਕਮਲ ਨੂੰ, ਦੀਪਕ ਹੱਲਾ ਨੇ ਗਾਮਾ ਧਲੇਤਾ ਨੂੰ, ਜੋਤ ਡੂਮਛੇੜੀ ਨੇ ਸ਼ੈਂਟੀ ਮਾਹੋਰਾਣਾ ਨੂੰ, ਪ੍ਰੀਤਾ ਫਿਰੋਜਪੁਰ ਨੇ ਪੰਡਤ ਮਾਛੀਵਾੜਾ ਨੂੰ, ਨੈਣਾ ਰੌਣੀ ਨੇ ਵਿੱਕੀ ਮਲਕਪੁਰ ਨੂੰ, ਦੀਪੂ ਰੌਣੀ ਨੇ ਸੋਨੀ ਕੰਗਣ ਵਾਲ ਨੂੰ, ਪਵਿੱਤਰ ਮਲਕਪੁਰ ਨੇ ਅਸਕਰ ਮਲੇਰਕੋਟਲਾ ਨੂੰ, ਜੱਸਾ ਰੌਣੀ ਨੇ ਸੀਲਾ ਨਾਭਾ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਦੰਗਲ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਦੰਗਲ ਕਮੇਟੀ ਦੇ ਪ੍ਰਬੰਧਕ ਪਲਵਿੰਦਰ ਸਿੰਘ, ਸਮਸ਼ੇਰ ਸਿੰਘ, ਗੁਰਦਿਆਲ ਸਿੰਘ ਪੰਚ, ਜਸਵੰਤ ਸਿੰਘ, ਜਸਪ੍ਰੀਤ ਸਿੰਘ, ਸਨੀ, ਗੁਰਦਰਸ਼ਨ ਸਿੰਘ, ਰਾਜਿੰਦਰ ਸਿੰਘ, ਚੰਨਣ ਸਿੰਘ, ਭਰਪੂਰ ਸਿੰਘ, ਰਛਪਾਲ ਸਿੰਘ ਕਾਨੂੰਨਗੋ, ਮਨਿੰਦਰ ਸਿੰਘ ਆਦਿ ਤੋਂ ਹੋਰ ਵੀ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਵੀਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਸਹਿਯੋਗ ਦਿੱਤਾ ਗਿਆ।