ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀਆਂ ਪੰਜ ਕੌਂਸਲਾਂ ਨੇ ਸਿਗਰਟਨੋਸ਼ੀ ਦੇ ਸਿਹਤ ਪ੍ਰਤੀ ਬੁਰੇ ਪ੍ਰਭਾਵਾਂ ਦੇ ਮੱਦੇਨਜ਼ਰ ਪੱਬਾਂ, ਰੈਸਟੋਰੈਂਟਾਂ ਅਤੇ ਕੈਫੇ ਆਦਿ ਦੇ ਬਾਹਰ ਬਣੇ ਫੁੱਟਪਾਥ ‘ਤੇ ਸਿਗਰਟ ਪੀਣ ‘ਤੇ ਪਾਬੰਦੀ ਲਗਾਈ ਹੈ। ਇਹਨਾਂ ਨਵੀਆਂ ਪਾਬੰਦੀਆਂ ਤਹਿਤ ਨੌਰਥਮਬਰਲੈਂਡ, ਡਰਹਮ, ਨੌਰਥ ਟਾਈਨੇਸਾਈਡ, ਨਿਊਕੈਸਲ ਅਤੇ ਮਾਨਚੇਸਟਰ ਸਿਟੀ ਦੇ ਤੰਬਾਕੂਨੋਸ਼ੀ ਕਰਨ ਵਾਲੇ ਲੋਕਾਂ ਨੂੰ ਹੁਣ ਇਹਨਾਂ ਥਾਵਾਂ ਦੀ ਜਗ੍ਹਾ ਕੋਈ ਹੋਰ ਸਥਾਨ ਲੱਭਣੇ ਪੈਣਗੇ।
ਇਹਨਾਂ ਕੌਂਸਲਾਂ ਨੇ ਜਿਹੜੀਆਂ ਬਾਰਾਂ, ਰੈਸਟੋਰੈਂਟਾਂ ਅਤੇ ਕੈਫੇ ਆਦਿ ਕੋਲ ਫੁੱਟਪਾਥ ‘ਤੇ ਟੇਬਲ ਲਗਾਉਣ ਦਾ ਲਾਇਸੈਂਸ ਹੈ, ਉੱਤੇ ਲੋਕਾਂ ਦੀ ਸੁਰੱਖਿਆ ਲਈ ਇਹ ਪਾਬੰਦੀ ਲਗਾਈ ਗਈ ਹੈ। ਇਹਨਾਂ ਕੌਸਲਾਂ ਦੇ ਇਲਾਵਾ ਆਕਸਫੋਰਡਸ਼ਾਇਰ ਕਾਉਂਟੀ ਵੀ ਸਰਕਾਰ ਦੀ ਸਮਾਂ ਸੀਮਾ ਤੋਂ ਪੰਜ ਸਾਲ ਪਹਿਲਾਂ, 2025 ਤੱਕ ਯੂਕੇ ਦੀ ਪਹਿਲੀ ਤੰਬਾਕੂਨੋਸ਼ੀ ਰਹਿਤ ਕਾਉਂਟੀ ਬਣਨ ਦੀ ਉਮੀਦ ਕਰ ਰਹੀ ਹੈ।
ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ ਅਨੁਸਾਰ, ਆਕਸਫੋਰਡਸ਼ਾਇਰ ਵਿੱਚ ਬਾਕੀ ਖੇਤਰਾਂ ਨਾਲੋਂ ਪਹਿਲਾਂ ਹੀ ਤੰਬਾਕੂਨੋਸ਼ੀ ਦੀ ਦਰ ਘੱਟ ਹੈ, ਜਿਸ ਵਿੱਚ 12% ਆਬਾਦੀ ਤੰਬਾਕੂਨੋਸ਼ੀ ਕਰਦੀ ਹੈ, ਜਦੋਂਕਿ ਯੂਕੇ ਵਿੱਚ ਇਹ ਦਰ 14.1 ਪ੍ਰਤੀਸ਼ਤ ਹੈ ਅਗਲੇ ਚਾਰ ਸਾਲਾਂ ਵਿੱਚ ਇਸ ਗਿਣਤੀ ਨੂੰ 5 ਪ੍ਰਤੀਸ਼ਤ ਤੋਂ ਵੀ ਘੱਟ ਕਰਨ ਦਾ ਸਰਕਾਰੀ ਦਾ ਟੀਚਾ ਹੈ। ਇੰਗਲੈਂਡ ਦੇ ਸਿਹਤ ਮਾਹਿਰਾਂ ਅਨੁਸਾਰ ਦੇਸ਼ ਵਿੱਚ ਸਿਗਰਟਨੋਸ਼ੀ ਕਾਰਨ ਸੈਂਕੜੇ ਲੋਕਾਂ ਦੀ ਸਿਹਤ ‘ਤੇ ਬੁਰਾ ਅਸਰ ਪੈਣ ਦੇ ਨਾਲ ਮੌਤਾਂ ਵੀ ਹੁੰਦੀਆਂ ਹਨ। ਹਾਲਾਂਕਿ, ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇੰਗਲੈਂਡ 2030 ਤੱਕ ਸਿਗਰਟ ਮੁਕਤ ਹੋਣ ਦੇ ਟੀਚੇ ਤੋਂ ਲੇਟ ਹੋ ਸਕਦਾ ਹੈ। ਕੈਂਸਰ ਰਿਸਰਚ ਯੂਕੇ ਦੀ 2020 ਦੀ ਰਿਪੋਰਟ ਵਿੱਚ ਅਨੁਸਾਰ ਇਹ ਟੀਚਾ 2037 ਤੱਕ ਪੂਰਾ ਹੋ ਸਕਦਾ ਹੈ।