ਵਿਆਹੁਤਾ ਨੂੰ ਡੀਜ਼ਲ ਪਾ ਕੇ ਸਾੜਨ ਦੇ ਦੋਸ਼ਾਂ ਤਹਿਤ ਪੰਜ ‘ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ

70% ਸੜੀ, ਸੱਸ ਤੇ ਪਤੀ ਗ੍ਰਿਫ਼ਤਾਰ

ਲਹਿਰਾਗਾਗਾ, ਮੀਡੀਆ ਬਿਊਰੋ:

ਥਾਣਾ ਖਨੌਰੀ ਵਿਖੇ ਪੰਜ ਵਿਅਕਤੀਆਂ ਖ਼ਿਲਾਫ਼ ਮੁਟਿਆਰ ‘ਤੇ ਡੀਜ਼ਲ ਪਾ ਕੇ ਅੱਗ ਲਾਉਣ ਦੇ ਦੋਸ਼ਾਂ ਤਹਿਤ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਮੰਡਵੀ ਨੇ ਥਾਣਾ ਖਨੌਰੀ ਵਿਖੇ ਬਰਖ਼ਿਲਾਫ਼ ਆਪਣੇ ਪਤੀ ਗੁਰਮੇਜ ਸਿੰਘ, ਸੱਸ ਬਲਵਿੰਦਰ ਕੌਰ, ਵਿਚੋਲਾ ਭੁਪਿੰਦਰ ਸਿੰਘ ਨਵਾਂ ਗਾਉਂ, ਨਣਦ ਕੋਮਲਜੀਤ ਕੌਰ ਅਤੇ ਨਣਦ ਸ਼ਮਿੰਦਰ ਕੌਰ ਵਾਸੀ ਹਰਿਆਊ ਖੁਰਦ ਦੇ ਬਿਆਨ ਮੁਕੱਦਮਾ ਦਰਜ ਕੀਤਾ। ਉਸਨੇ ਦੱਸਿਆ ਕਿ 26 ਫਰਵਰੀ ਨੂੰ ਦੁਪਹਿਰ ਤੋਂ ਬਾਅਦ ਉਹ ਆਪਣੇ ਘਰ ਵਿੱਚ ਸੀ। ਉਸਦਾ ਘਰਵਾਲਾ ਗੁਰਮੇਜ ਸਿੰਘ ਬਿਨਾਂ ਵਜ੍ਹਾ ਲੜਾਈ ਝਗੜਾ ਕਰਨ ਲੱਗ ਪਿਆ ਅਤੇ ਉਸਨੇ ਉਸਨੂੰ ਫੜ੍ਹਕੇ ਵਾਲਾਂ ਤੋਂ ਥੱਲੇ ਸੁੱਟ ਦਿੱਤਾ ਅਤੇ ਉਸਦੀ ਨਣਦ ਕੋਮਲਜੀਤ ਕੌਰ, ਸ਼ਮਿੰਦਰ ਕੌਰ ਅਤੇ ਭੁਪਿੰਦਰ ਸਿੰਘ ਨੇ ਉਸਨੂੰ ਫੜ ਲਿਆ ਅਤੇ ਸੱਸ ਬਲਵਿੰਦਰ ਕੌਰ ਨੇ ਉਸ ਉੱਪਰ ਡੀਜ਼ਲ ਦੀ ਭਰੀ ਬਾਲਟੀ ਪਾ ਦਿੱਤੀ।

ਉਸਦੇ ਪਤੀ ਨੇ ਉਸਨੂੰ ਮਾਚਿਸ ਨਾਲ ਅੱਗ ਲਾ ਦਿੱਤੀ। ਉਸਦੇ ਰੌਲਾ ਪਾਉਣ ‘ਤੇ ਉਸਦੇ ਬੱਚਿਆਂ ਨੇ ਉਸ ‘ਤੇ ਪਾਣੀ ਦੀ ਬਾਲਟੀ ਪਾਈ, ਜਿਸ ਨਾਲ ਅੱਗ ਬੁਝ ਗਈ ਤੇ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਪਰਮਜੀਤ ਕੌਰ ਨੇ ਕਾਰਨ ਦੱਸਦਿਆਂ ਕਿਹਾ ਕਿ ਜਦ ਤੋਂ ਉਹ ਵਿਆਹ ਕੇ ਉਸ ਘਰ ਆਈ ਹੈ, ਉਦੋਂ ਤੋਂ ਹੀ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੀੜਤਾ ਪਰਮਜੀਤ ਕੌਰ ਹੁਣ ਮੋਹਾਲੀ ਦੇ ਦੀਪ ਮੈਡੀਕਲ ਕੰਪਲੈਕਸ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਤੇ 70 ਫ਼ੀਸਦੀ ਤੋਂ ਜ਼ਿਆਦਾ ਸੜ ਚੁੱਕੀ ਹੈ। ਜਿਸ ਤਹਿਤ ਪੁਲਿਸ ਨੇ ਮੁਕੱਦਮਾ ਦਰਜ ਕਰਦਿਆਂ ਅਗਲੀ ਤਫਤੀਸ਼ ਆਰੰਭ ਦਿੱਤੀ ਹੈ। ਮੁਕੱਦਮੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਅਨੁਸਾਰ ਸੱਸ ਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Share This :

Leave a Reply