ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀਆਂ ਨਾਲ ਨਸਲੀ ਦੁਰਵਿਵਹਾਰ ਮਾਮਲੇ ‘ਚ ਪੰਜ ਗ੍ਰਿਫਤਾਰ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਰੋ 2020 ਦੇ ਫਾਈਨਲ ਤੋਂ ਬਾਅਦ ਇੰਗਲੈਂਡ ਟੀਮ ਕਾਲੇ ਮੂਲ ਦੇ ਖਿਡਾਰੀਆਂ ਸਬੰਧੀ ਨਸਲੀ ਪੋਸਟਾਂ ਦੀ ਜਾਂਚ ਦੇ ਨਤੀਜੇ ਵਜੋਂ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਸ਼ੋਸ਼ਲ ਮੀਡੀਆ ਕੰਪਨੀਆਂ ਨੂੰ ਦਰਜਨਾਂ ਡਾਟਾ ਐਪਲੀਕੇਸ਼ਨਜ਼ ਵੀ ਦਿੱਤੀਆਂ ਗਈਆਂ ਹਨ। ਜਿਕਰਯੋਗ ਹੈ ਕਿ ਯੂਰੋ ਟੂਰਨਾਮੈਂਟ ਦੇ ਫਾਈਨਲ ਵਿੱਚ ਇਟਲੀ ਖਿਲਾਫ ਟੀਮ ਦੀ ਹਾਰ ਤੋਂ ਬਾਅਦ ਕੁੱਝ ਕਾਲੇ ਮੂਲ ਦੇ ਖਿਡਾਰੀਆਂ ‘ਤੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਸਮੇਤ ਸ਼ੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਸਲੀ ਕੁਮੈਂਟ ਕੀਤੇ ਗਏ ਸਨ। ਇਸ ਮਾਮਲੇ ਵਿੱਚ ਯੂਕੇ ਫੁੱਟਬਾਲ ਪੁਲਿਸਿੰਗ ਯੂਨਿਟ (ਯੂਕੇ ਐੱਫ ਪੀ ਯੂ) ਦੁਆਰਾ ਨਫਰਤੀ ਅਪਰਾਧ ਸੰਬੰਧੀ ਜਾਂਚ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਜਾਂਚ ਦੀ ਪ੍ਰਕਿਰਿਆ ਵਿੱਚ ਪੁਲਿਸ ਵੱਲੋਂ ਨਸਲੀ ਟਿੱਪਣੀਆਂ ਕਰਨ ਵਾਲੇ ਲੋਕਾਂ ਦੀ ਜਿਆਦਾ ਜਾਣਕਾਰੀ ਲੈਣ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਰਜਨਾਂ ਡਾਟਾ ਅਰਜੀਆਂ ਦਿੱਤੀਆਂ ਗਈਆਂ ਹਨ।

ਪੁਲਿਸ ਅਨੁਸਾਰ ਇਸ ਨਸਲੀ ਜੁਰਮ ਲਈ ਜੇਕਰ ਕਿਸੇ ਦੀ ਪਛਾਣ ਹੁੰਦੀ ਹੈ ਤਾਂ ਉਸਨੂੰ ਇਸ ਸ਼ਰਮਨਾਕ ਹਰਕਤ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਹਨਾਂ ਗ੍ਰਿਫਤਾਰੀਆਂ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਨੂੰ,  ਮਾਨਚੈਸਟਰ ਵਿੱਚ ਇੱਕ 37 ਸਾਲਾਂ ਵਿਅਕਤੀ ਨੇ ਆਪਣੇ ਆਪ ਨੂੰ ਚੀਡਲ ਹੇਥ ਥਾਣੇ ਵਿੱਚ ਪੇਸ਼ ਕੀਤਾ।

ਉਸ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਦੋ ਹੋਰ ਵਿਅਕਤੀਆਂ ਨੂੰ ਵੈਸਟ ਮਾਰਸੀਆ ਪੁਲਿਸ ਨੇ ਵੀ ਗ੍ਰਿਫਤਾਰ ਕੀਤਾ ਜਿਸ ਵਿੱਚ ਵਰਸੇਸਟਰ ਨੇੜੇ ਪੋਵਿਕ ਦਾ ਇੱਕ 50 ਸਾਲਾਂ ਵਿਅਕਤੀ ਅਤੇ ਇੱਕ 60 ਸਾਲਾਂ ਆਦਮੀ ਨੂੰ ਸ਼ੋਰਫਸ਼ਾਇਰ ਤੋਂ ਗ੍ਰਿਫਤਾਰ ਕੀਤਾ ਗਿਆ। ਇਸਦੇ ਇਲਾਵਾ ਚੈਸ਼ਾਇਰ ਪੁਲਿਸ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਰਨਕੋਰਨ ਤੋਂ ਵੀ ਇੱਕ 42 ਸਾਲਾਂ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਜਦੋਂ ਕਿਸੇ ਅਪਰਾਧੀ ਦੇ ਵੇਰਵਿਆਂ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਉਹਨਾਂ ਨੂੰ ਪੜਤਾਲ ਕਰਨ ਲਈ ਸੰਬੰਧਿਤ ਸਥਾਨਕ ਪੁਲਿਸ ਫੋਰਸ ਨੂੰ ਭੇਜਿਆ ਜਾਂਦਾ ਹੈ ਅਤੇ ਸੀ ਪੀ ਐਸ ਨਾਲ ਮਿਲ ਕੇ ਢੁੱਕਵੀਂ ਕਾਰਵਾਈ ਕੀਤੀ ਜਾਂਦੀ ਹੈ।

Share This :

Leave a Reply