ਫਿਲਮ ਐਕਟਰ ਸੋਨੂੰ ਸੂਦ ਨੇ ਨਹੀਂ ਖੋਲ੍ਹੇ ਪੱਤੇ, ਭੈਣ ਮਾਲਵਿਕਾ ਕਿਹੜੀ ਪਾਰਟੀ ਤੋਂ ਲੜੇਗੀ ਪੰਜਾਬ ਵਿਧਾਨ ਸਭਾ ਚੋਣ

ਜੇਐੱਨਐੱਨ, ਮੋਗਾ। ਫਿਲਮ ਅਦਾਕਾਰ ਸੋਨੂੰ ਸੂਦ ਅਤੇ ਸੂਦ ਚੈਰਿਟੀ ਫਾਊਂਡੇਸ਼ਨ ਪੰਜਾਬ ਦੀ ਚੇਅਰਮੈਨ ਮਾਲਵਿਕਾ ਸੂਦ, ਜਿਨ੍ਹਾਂ ਨੇ ਮੋਗਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਬਿਗਲ ਵਜਾ ਦਿੱਤਾ ਹੈ, ਨੇ ਸਾਂਝੇ ਤੌਰ ‘ਤੇ ਲੋੜਵੰਦ 10 ਅੰਗਹੀਣਾਂ ਨੂੰ ਈ-ਰਿਕਸ਼ਾ ਦਾਨ ਕੀਤਾ। ਇਸ ਦੇ ਨਾਲ ਹੀ ਸੂਦ ਨੇ ਜ਼ਿਲ੍ਹੇ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਨੂੰ 4 ਜਨਵਰੀ ਨੂੰ 1000 ਸਾਈਕਲ ਦੇਣ ਦਾ ਐਲਾਨ ਵੀ ਕੀਤਾ।

ਅਦਾਕਾਰ ਸੋਨੂੰ ਸੂਦ ਐਤਵਾਰ ਨੂੰ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਰਾਜਨੀਤੀ ‘ਚ ਆਉਣ ਦੇ ਸਵਾਲ ਉੱਤੇ ਉਨ੍ਹਾਂ ਇਕ ਵਾਰ ਫਿਰ ਕਿਹਾ ਕਿ ਉਹ ਰਾਜਨੀਤੀ ਵਿੱਚ ਨਹੀਂ ਆ ਰਹੇ ਹਨ। ਉਨ੍ਹਾਂ ਦੀ ਭੈਣ ਮਾਲਵਿਕਾ ਰਾਜਨੀਤੀ ਵਿੱਚ ਹੈ। ਉਨ੍ਹਾਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਸੇਵਾ ਰਾਹੀਂ ਰਾਜਨੀਤੀ ਨੂੰ ਕੈਸ਼ ਕਰਨ ਦੇ ਸਵਾਲ ‘ਤੇ ਸੋਨੂੰ ਸੂਦ ਨੇ ਕਿਹਾ ਕਿ ਉਹ ਜਦੋਂ ਵੀ ਕੋਰੋਨਾ ਤੋਂ ਪਹਿਲਾਂ ਮੋਗਾ ਆਏ, ਉਨ੍ਹਾਂ ਸ਼ਹਿਰ ਦੀਆਂ ਕਈ ਲੜਕੀਆਂ ਨੂੰ ਦੂਰ-ਦੂਰ ਤਕ ਪੈਦਲ ਸਕੂਲ ਜਾਂਦੇ ਦੇਖਿਆ। ਉਸ ਸਮੇਂ ਨਾ ਤਾਂ ਚੋਣਾਂ ਸੀ ਅਤੇ ਨਾ ਹੀ ਕੋਰੋਨਾ ਦਾ ਦੌਰ। ਉਦੋਂ ਵੀ ਉਨ੍ਹਾਂ ਨੇ 50 ਸਾਈਕਲ ਵੰਡੇ ਸਨ।

ਸੋਨੂੰ ਸੂਦ ਨੇ ਕਿਹਾ ਕਿ ਸੇਵਾ ਸੂਦ ਪਰਿਵਾਰ ‘ਚ ਜਨਮਜਾਤ ਵਸੀ ਹੋਈ ਹੈ। ਮਾਤਾ ਪ੍ਰੋ. ਸਰੋਜ ਸੂਦ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਮੋਗਾ ਸ਼ਹਿਰ ਨੂੰ ਇਕ ਆਦਰਸ਼ ਸ਼ਹਿਰ ਬਣਾਉਣ ਦਾ ਸੰਕਲਪ ਲਿਆ ਸੀ ਤੇ ਉਸ ਸਮੇਂ ਤੋਂ ਹੀ ਉਹ ਲਗਾਤਾਰ ਯੋਜਨਾਵਾਂ ਬਣਾ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਉਸ ਸਮੇਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਰਿਵਾਰ ਦਾ ਕੋਈ ਮੈਂਬਰ ਰਾਜਨੀਤੀ ਵਿਚ ਆਵੇਗਾ। ਫ਼ਿਲਮ ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਮਥੁਰਾਦਾਸ ਸਿਵਲ ਹਸਪਤਾਲ ‘ਚ ਸੀਟੀ ਸਕੈਨ ਮਸ਼ੀਨ ਵੀ ਉਪਲਬਧ ਨਹੀਂ ਹੈ, ਜਿਸ ਕਾਰਨ ਗਰੀਬ ਲੋਕ ਆਪਣੀ ਟੈਸਟ ਨਹੀਂ ਕਰਵਾ ਪਾਉਂਦੇ। ਇਸ ਸਬੰਧੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਖਰਚੇ ’ਤੇ ਸਰਕਾਰ ਨੂੰ ਸੀਟੀ ਸਕੈਨ ਮਸ਼ੀਨ ਦੇਣ ਦੀ ਪੇਸ਼ਕਸ਼ ਕੀਤੀ ਸੀ। 6 ਮਹੀਨੇ ਹੋ ਗਏ ਹਨ ਅਜੇ ਤਕ ਇਸ ਦੀ ਸਰਕਾਰੀ ਰਸਮ ਪੂਰੀ ਨਹੀਂ ਹੋਈ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਲੱਗਿਆ ਕਿ ਰਾਜਨੀਤੀ ‘ਚ ਆ ਕੇ ਅਸੀਂ ਸੇਵਾ ਦੇ ਕੰਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਸਕਾਂਗੇ। ਇਹੀ ਮਕਸਦ ਹੈ, ਸਿਆਸਤ ਵਿਚ ਆਉਣ ਤੋਂ ਇਲਾਵਾ ਹੋਰ ਕੁਝ ਨਹੀਂ।

ਸੋਨੂੰ ਸੂਦ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਚੰਗੀਆਂ ਹਨ, ਪਰ ਉਹ ਇਹ ਦੇਖ ਰਹੇ ਹਨ ਕਿ ਕਿਹੜੀ ਪਾਰਟੀ ਨਾਲ ਜੁੜਿਆ ਜਾਵੇ ਜਿਹੜੀ ਉਨ੍ਹਾਂ ਦੇ ਅੰਦਰ ਮੌਜੂਦ ਸੇਵਾ ਭਾਵ ਲਈ ਸਹਾਈ ਸਿੱਧ ਹੋਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੰਗੇ ਲੋਕਾਂ ਨੂੰ ਵੋਟ ਪਾਉਣ, ਇਸ ਲਈ ਹਰ ਪਾਰਟੀ ਚੰਗੇ ਲੋਕਾਂ ਨੂੰ ਟਿਕਟ ਦਿੰਦੀ ਹੈ ਤਾਂ ਹੀ ਦੇਸ਼ ਵਿੱਚ ਸਿਸਟਮ ਬਦਲੇਗਾ। ਇਸ ਮੌਕੇ ਮੌਜੂਦ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਕਿਹਾ ਕਿ ਮੰਤਵ ਇਕ ਹੀ ਹੈ ਕਿ ਸਿਹਤ, ਰੁਜ਼ਗਾਰ ਤੇ ਸਿੱਖਿਆ ਇਨ੍ਹਾਂ ਤਿੰਨਾਂ ਸੂਤਰਾਂ ਦੇ ਆਧਾਰ ‘ਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਪੜ੍ਹੇ-ਲਿਖੇ, ਆਤਮ ਨਿਰਭਰ ਤੇ ਸਿਹਤਮੰਦ ਬਣਾਉਣਾ ਹੈ, ਕਿਉਂਕਿ ਇਹੀ ਅੱਜ ਸਮਾਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਅਸੀਂ ਹੁਣ ਇਸ ਸੂਤਰ ‘ਤੇ ਚੱਲ ਰਹੇ ਹਾਂ, ਅੱਗੇ ਵੀ ਚੱਲਦੇ ਰਹਾਂਗੇ। ਇਸ ਮੌਕੇ ਮਾਲਵਿਕਾ ਸੂਦ ਦੇ ਪਤੀ ਗੌਤਮ ਸੱਚਰ ਵੀ ਮੌਜੂਦ ਸਨ।

Share This :

Leave a Reply