ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਲੰਬਾ ਸਮਾਂ ਵਿਚਾਰ ਵਟਾਂਦਰੇ ਉਪਰੰਤ ਇਕ ਪ੍ਰਮੁੱਖ ਸੰਘੀ ਸਲਾਹਕਾਰ ਕਮੇਟੀ ਨੇ 65 ਸਾਲ ਤੋਂ ਉਪਰ ਤੇ ਕੋਰੋਨਾ ਦੇ ਗੰਭੀਰ ਜੋਖਮ ਵਾਲੇ ਮਾਮਲਿਆਂ ਵਿਚ ਫਾਈਜ਼ਰ- ਬਾਇਓਨਟੈਕ ਕੋਵਿਡ-19 ਦੀ ਤੀਸਰੀ ਖੁਰਾਕ ਲਾਉਣ ਦੀ ਸਿਫਾਰਿਸ਼ ਕੀਤੀ ਹੈ। ਇਹ ‘ਬੂਸਟਰ ਵੈਕਸੀਨੇਸ਼ਨ’ ਉਨਾਂ ਵਿਅਕਤੀਆਂ ਨੂੰ ਲਾਈ ਜਾਵੇਗੀ ਜਿਨਾਂ ਦੇ ਮੁਕੰਮਲ ਟੀਕਾਕਰਣ ਨੂੰ 6 ਮਹੀਨੇ ਦਾ ਸਮਾਂ ਹੋ ਗਿਆ ਹੋਵੇਗਾ। ਸ਼ੁਰੂ ਵਿਚ ਇਹ ਸਵਾਲ ਪੈਦਾ ਹੋਇਆ ਸੀ ਕਿ ਕਿਉਂ ਨਾ 16 ਸਾਲ ਤੋਂ ਉਪਰ ਹਰ ਇਕ ਨੂੰ ‘ਬੂਸਟਰ ਵੈਕਸੀਨੇਸ਼ਨ’ ਲਾਈ ਜਾਵੇ।
ਪਰੰਤੂ ਹੁਣ ਫੂਡ ਐਂਡ ਡਰੱਗ ਪ੍ਰਸ਼ਾਸ਼ਨ ਦੀ ਵੈਕਸੀਨ ਤੇ ਬਾਇਆਲੋਜੀ ਉਤਪਾਦਨਾਂ ਬਾਰੇ ਸਲਾਹਕਾਰ ਕਮੇਟੀ ਨੇ ਕਿਹਾ ਹੈ ਕਿ 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤੀਸਰੀ ਖੁਰਾਕ ਦੀ ਲੋੜ ਸਬੰਧੀ ਲੋੜੀਂਦੇ ਸਬੂਤ ਨਾ ਕਾਫੀ ਹਨ। ਕਮੇਟੀ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ ਕਿ ਅੱਤ ਜੋਖਮ ਵਾਲੇ ਮਾਮਲਿਆਂ ਵਿਚ ਸਿਹਤ ਸੰਭਾਲ ਵਰਕਰ ਤੇ ਉਹ ਲੋਕ ਆਉਂਦੇ ਹਨ ਜਿਨਾਂ ਨੂੰ ਕੰਮ ਦੌਰਾਨ ਕੋਵਿਡ ਦੇ ਵਧੇਰੇ ਖਤਰੇ ਦੀ ਸੰਭਾਵਨਾ ਹੋਵੇ।