ਖੰਨਾ (ਪਰਮਜੀਤ ਸਿੰਘ ਧੀਮਾਨ)- ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਰੇਲਵੇ ਸਟੇਸ਼ਨ ਖੰਨਾ ਦੇ ਬਾਹਰ ਸ਼ਾਂਤਮਈ ਸੰਘਰਸ਼ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ।
ਇਸ ਮੌਕੇ ਹਰਜਿੰਦਰ ਸਿੰਘ ਰਤਨਹੇੜੀ, ਅਮਨਦੀਪ ਵਰਮਾ ਅਮਰਗੜ੍ਹ ਅਤੇ ਦਲਜੀਤ ਸਿੰਘ ਸਵੈਚ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਰੋਨਾ ਦੀ ਆੜ ਹੇਠ ਕਾਲੇ ਖੇਤੀ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨਾਂ ਲਈ ਮੌਤ ਦੇ ਵਰੰਟ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਛੇ ਮਹੀਨਿਆਂ ਤੋਂ ਕਿਸਾਨ ਲਗਾਤਾਰ ਦਿੱਲੀ ਅਤੇ ਵੱਖ ਬਾਰਡਰਾਂ ’ਤੇ ਧਰਨਾ ਦੇ ਰਹੇ ਹਨ, ਪ੍ਰਤੂੰ ਕੇਂਦਰ ਸਰਕਾਰ ਨੂੰ ਅੰਨ੍ਹਦਾਤਿਆਂ ਦੀ ਕੋਈ ਫ਼ਿਕਰ ਨਹੀਂ ਹੈ। ਰੋਜ਼ਾਨਾ ਸਰਕਾਰ ਵੱਲੋਂ ਮਜ਼ਦੂਰਾਂ ਤੇ ਕਿਸਾਨਾਂ ਵਿਚ ਪਾੜਾ ਪਾਉਣ ਅਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਝੀਆਂ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ ਹਨ, ਪ੍ਰਤੂੰ ਇਸ ਦਾ ਸੰਘਰਸ਼ ਤੇ ਕੋਈ ਅਸਰ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਸਿਰਫ਼ ਵੋਟਾਂ ਵਟੋਰਨ ਲਈ ਹੀ ਵਰਤਦੀ ਹੈ, ਜਿਸ ਦੀ ਮਿਸਾਲ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਤੋਂ ਮਿਲਦੀ ਹੈ। ਕਿਸਾਨਾਂ ਨੇ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਮੋਦੀ ਸਰਕਾਰ ਤੋਂ ਦੁੱਖੀ ਹੈ, ਪ੍ਰਤੂੰ ਸਰਕਾਰ ਨੂੰ ਸਿਰਫ਼ ਕੁਝ ਕਾਰਪੋਰੇਟ ਘਰਾਣਿਆਂ ਦਾ ਹੀ ਫ਼ਿਰਕ ਹੈ।
ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਕਿਸਾਨਾਂ ਨੂੰ ਜਲਦ ਆਪਣੇ ਘਰ ਵਾਪਸ ਭੇਜੇ। ਇਸ ਮੌਕੇ ਕਸ਼ਮੀਰਾ ਸਿੰਘ, ਅਵਤਾਰ ਸਿੰਘ, ਦੀਦਾਰ ਸਿੰਘ, ਜਗਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਰਛਪਾਲ ਸਿੰਘ, ਗੁਰਦਿਆਲ ਸਿੰਘ, ਹਵਾ ਸਿੰਘ, ਗੁਰਮੇਲ ਸਿੰਘ, ਅਜੀਤਪਾਲ ਸਿੰਘ ਆਦਿ ਹਾਜ਼ਰ ਸਨ।