ਖੰਨਾ (ਪਰਮਜੀਤ ਸਿੰਘ ਧੀਮਾਨ) – ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਖੰਨਾ ਦੇ ਬਾਹਰ ਅਰੰਭਿਆ ਸੰਘਰਸ਼ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਅੱਜ ਵਰਦੇ ਮੀਂਹ ਦੌਰਾਨ ਵੀ ਲਗਾਤਾਰ ਜਾਰੀ ਹੈ। ਇਸ ਮੌਕੇ ਬੋਲਦਿਆਂ ਦਲਜੀਤ ਸਿੰਘ ਸਵੈਚ, ਕਸ਼ਮੀਰਾ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਹੋਰ ਵੱਖ ਵੱਖ ਰਾਜਾਂ ਦੇ ਕਿਸਾਨ ਆਪਣੀਆਂ ਹੱਕੀਂ ਮੰਗਾਂ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ, ਪ੍ਰਤੂੰ ਕੇਂਦਰ ਸਰਕਾਰ ਨੂੰ ਇਨ੍ਹਾਂ ਦੀ ਕੋਈ ਫ਼ਿਕਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਅੰਦੋਲਨ ਜਨ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ, ਜੇਕਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਇਨ੍ਹਾਂ ਦਾ ਅਸਰ ਹਰ ਵਰਗ ’ਤੇ ਪਵੇਗਾ। ਉਪਰੋਕਤ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ-ਮਜ਼ਦੂਰਾਂ ਨੂੰ ਗੁਲਾਮ ਬਣਾ ਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਹੱਥ ਸੌਂਪਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੈਨੀਪਾਲ ਨੇ ਕਿਹਾ ਕਿ ਮੋਦੀ ਸਰਕਾਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ, ਖਾਦਾਂ ਅਤੇ ਹੋਰ ਘਰੇਲੂ ਚੀਜ਼ਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਮਹਿੰਗਾਈ ਨਾਲ ਆਮ ਲੋਕਾਂ ਦਾ ਲੱਕ ਤੋੜ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਗਲਤ ਹੱਥਕੰਡੇ ਅਪਨਾਉਣਾ ਬੰਦ ਕਰੇ। ਉਪਰੋਕਤ ਆਗੂਆਂ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਕਿਹਾ ਕਿ ਸਾਨੂੰ ਸਰਕਾਰ ਦੀ ਸੋਧਾਂ ਵਾਲੀ ਮੰਗ ਮਨਜ਼ੂਰ ਨਹੀਂ ਅਤੇ ਕਾਨੂੰਨ ਵਾਪਸ ਹੋਣ ਤੱਕ ਕੇਂਦਰ ਸਰਕਾਰ ਖਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ। ਇਸ ਮੌਕੇ ਅਵਤਾਰ ਸਿੰਘ, ਗੁਰਮੇਲ ਸਿੰਘ, ਜਗਜੀਤ ਸਿੰਘ, ਗੁਰਦਿਆਲ ਸਿੰਘ, ਮਨਵੀਰ ਸਿੰਘ, ਮੇਵਾ ਸਿੰਘ, ਮੁਖਤਿਆਰ ਸਿੰਘ, ਹਰਜੀਤ ਸਿੰਘ, ਜਗਦੀਪ ਸਿੰਘ, ਦਵਿੰਦਰ ਸਿੰਘ, ਰਾਜਿੰਦਰ ਸਿੰਘ, ਮੁੁਖਤਿਆਰ ਸਿੰਘ, ਦੀਦਾਰ ਸਿੰਘ, ਹਵਾ ਸਿੰਘ ਆਦਿ ਹਾਜ਼ਰ ਸਨ।