ਖੰਨਾ (ਪਰਮਜੀਤ ਸਿੰਘ ਧੀਮਾਨ) – ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਖੰਨਾ ਦੇ ਬਾਹਰ ਅਰੰਭਿਆ ਸੰਘਰਸ਼ 306ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਕਸ਼ਮੀਰਾ ਸਿੰਘ ਮਾਜਰਾ ਅਤੇ ਹਰਮਿੰਦਰ ਸਿੰਘ ਰਹੌਣ ਨੇ ਕਿਹਾ ਕਿ ਸੱਤਾਧਾਰੀ ਧਿਰਾਂ ਵੱਲੋਂ ਕਿਸਾਨਾਂ ’ਚ ਪਾੜ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ, ਜਿਸ ਤੋਂ ਚੌਕਸ ਰਹਿਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੂੰਜੀਪਤੀਆਂ ਦੀਆਂ ਚਾਲਾਂ ਨੂੰ ਸਮਝਦਿਆਂ ਕਿਸਾਨ ਹਿੰਦੂ, ਮੁਸਲਿਮ, ਸਿੱਖ, ਈਸਾਈ ਵਿਚ ਨਾ ਵੰਡੇ ਜਾਣ ਤੇ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਦੀ ਇਸ ਲੜਾਈ ਵਿਚ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਉਨ੍ਹਾਂ ਦੀ ਮੌਜੂਦਾ ਪੀੜ੍ਹੀ ਦਾ ਸ਼ੋਸ਼ਣ ਕੀਤਾ ਹੈ, ਇਸ ਲਈ ਸਾਡਾ ਸੰਘਰਸ਼ ਰੋਟੀ ਤੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਹਾਕਮਾਂ ਵੱਲੋਂ ਪੁਲਿਸ ਕੇਸਾਂ ਦਾ ਡਰਾਵਾ ਸੰਘਰਸ਼ ਨੂੰ ਹੋਰ ਮਜ਼ਬੂਤ ਕਰੇਗਾ, ਕਿਉਂਕਿ ਹੁਣ ਕਿਸਾਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਿਨ੍ਹਾਂ ਪਿੱਛੇ ਹੱਟਣ ਵਾਲੇ ਨਹੀਂ।
ਉਨ੍ਹਾਂ ਕਿਹਾ ਕਿ ਕਿਸਾਨਾਂ ਭੈਣਾਂ ਤੇ ਸਾਨੂੰ ਮਾਣ ਹੈ, ਜਿੰਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਹੁਣ ਤੱਕ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਬੈਨੀਪਾਲ ਨੇ ਕਿਹਾ ਕਿ ਉਹ ਅੰਦੋਲਨ ਹਮੇਸ਼ਾਂ ਸਫ਼ਲ ਹੁੰਦੇ ਹਨ, ਜਿਸ ਵਿਚ ਮਹਿਲਾ ਸ਼ਕਤੀ ਸਾਥ ਦਿੰਦੀ ਹੈ, ਸਾਨੂੰ ਯਕੀਨ ਹੈ ਅਸੀਂ ਜਲਦ ਜਿੱਤ ਪ੍ਰਾਪਤ ਕਰਾਂਗੇ। ਇਸ ਮੌਕੇ ਹਵਾ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ, ਗੁਰਦਿਆਲ ਸਿੰਘ, ਰਛਪਾਲ ਸਿੰਘ, ਬਿਕਰਮਜੀਤ ਸਿੰਘ, ਬਲਜੀਤ ਸਿੰਘ, ਗੁਲਜ਼ਾਰ ਸਿੰਘ, ਦਵਿੰਦਰ ਸਿੰਘ, ਤਰਨਦੀਪ ਸਿੰਘ, ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਿੰਦਰ ਸਿੰਘ, ਐਨ. ਪੀ. ਸਿੰਘ, ਕੈਪਟਨ ਨੰਦ ਲਾਲ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।