ਖੰਨਾ (ਪਰਮਜੀਤ ਸਿੰਘ ਧੀਮਾਨ) – ਸਥਾਨਕ ਲਲਹੇੜੀ ਚੌਂਕ ਵਿਖੇ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਕਿਸਾਨ-ਮਜ਼ਦੂਰ ਵਿਰੋਧੀ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020, ਚਾਰ ਲੇਬਰ ਕੋਡ ਅਤੇ ਪੁਰਾਣਾ ਕਿਰਤ ਕਾਨੂੰਨ ਬਹਾਲ ਕਰਵਾਉਣ ਲਈ ਲਾਇਆ ਪੱਕਾ ਮੋਰਚਾ ਅੱਜ 44ਵੇਂ ਦਿਨ ਜਾਰੀ ਰਿਹਾ। ਇਸ ਮੌਕੇ ਹਰਚੰਦ ਸਿੰਘ ਅਤੇ ਕਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 500 ਤੋਂ ਵੱਧ ਖ੍ਰੀਦ ਕੇਂਦਰ ਬੰਦ ਕਰਨ ਦੇ ਫ਼ੈਸਲੇ ਕਾਰਨ ਅਨਾਜ ਮੰਡੀਆਂ ਬੰਦ ਹੋਣ ਦੇ ਡਰੋਂ ਪੰਜਾਬ ਦੇ ਕਿਸਾਨ ਕੱਚੀ ਝੋਨੇ ਦੀ ਫਸਲ ਵੱਢਣ ਲਈ ਮਜ਼ਬੂਰ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਅੰਦਰ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲੀ ਫਸਲ ਆਉਣ ਕਾਰਨ ਕਈ ਆੜ੍ਹਤੀਆਂ ਦੇ ਲਾਈਸੈਂਸ ਰੱਦ ਹੋਏ ਸਨ, ਜਿਸ ਦੇ ਡਰ ਕਾਰਨ ਆੜ੍ਹਤੀਆਂ ਨੇ ਕਿਸਾਨਾਂ ਨੂੰ ਸੁੱਕੀ ਫ਼ਸਲ ਮੰਡੀਆਂ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ ਸੀ, ਪ੍ਰਤੂੰ ਹੁਣ ਸਰਕਾਰ ਦੇ ਇਸ ਫੈਸਲੇ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ। ਉਨ੍ਹਾਂ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੰਡੀਆਂ ਬੰਦ ਕਰਨ ਦੇ ਫੈਸਲੇ ਤੇ ਦੁਬਾਰਾ ਗੌਰ ਕਰੇ ਨਹੀਂ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਹਰਨੇਕ ਸਿੰਘ, ਕਰਮ ਸਿੰਘ, ਗੁਰਚਰਨ ਸਿੰਘ, ਲਵਪ੍ਰੀਤ ਸਿੰਘ, ਹਵਾ ਸਿੰਘ, ਨਾਜ਼ਰ ਸਿੰਘ, ਦਿਲਪ੍ਰੀਤ ਸਿੰਘ, ਪ੍ਰੀਤਮ ਸਿੰਘ ਹੋਲ, ਰਮਨਦੀਪ ਸਿੰਘ, ਹਰਿੰਦਰ ਸਿੰਘ, ਸਵਰਨ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।