ਕਿਸਾਨਾਂ ਵੱਲੋਂ ਆਮ ਲੋਕਾਂ ਨੂੰ ਭਰਵਾਂ ਸਹਿਯੋਗ ਦੇਣ ਦੀ ਮੰਗ

ਖੰਨਾ (ਪਰਮਜੀਤ ਸਿੰਘ ਧੀਮਾਨ) – ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਇਥੋਂ ਦੇ ਰੇਲਵੇ ਸਟੇਸ਼ਨ ਤੇ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਅਗਾਮੀਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਭਾਜਪਾ ਵੀ ਦੋਫਾੜ ਹੋ ਚੁੱਕੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਦੇ ਸਾਰੇ ਆਗੂ ਹਕੀਕਤਾਂ ਤੋਂ ਜਾਣੂੰ ਹਨ, ਪ੍ਰਤੂੰ ਮੋਦੀ ਸਰਕਾਰ ਦੇ ਡਰੋਂ ਦੱਬੀ ਅਵਾਜ਼ ਵਿਚ ਬੋਲ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਵੀ ਆਪਣੇ ਹੱਕਾਂ ਲਈ ਮੋਰਚਿਆਂ ਤੇ ਡਟੇ ਹੋਏ ਹਨ, ਇਸ ਲਈ ਭਾਵੇਂ ਛੇ ਮਹੀਨੇ ਹੋਰ ਕਿਉਂ ਨਾ ਲੱਗ ਜਾਣ, ਪ੍ਰਤੂੰ ਉਹ ਪਿੱਛੇ ਮੁੜਨ ਵਾਲੇ ਨਹੀਂ। ਉਪਰੋਕਤ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਜਪਾ ਆਗੂਆਂ ਦੇ ਦਿੱਤੇ ਜਾ ਰਹੇ ਗੈਰ ਜ਼ੁੰਮੇਵਾਰਾਨਾ ਬਿਆਨਾਂ ਤੇ ਧਿਆਨ ਨਾ ਦੇਣ, ਕਿਉਂਕਿ ਇਹ ਆਗੂ ਕਿਸਾਨ ਅੰਦੋਲਨ ਦੀ ਵੱਧਦੀ ਮਜ਼ਬੂਤੀ ਨੂੰ ਤੋੜਨਾ ਚਾਹੁੰਦੇ ਹਨ।

ਕਿਸਾਨਾਂ ਨੇ ਮੋਦੀ ਸਰਕਾਰ ਨੂੰ ਤਾੜਦਿਆਂ ਕਿਹਾ ਕਿ ਡੁੱਲੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ, ਇਸ ਲਈ ਹੋਰ ਵਾਧੂ ਸਮੇਂ ਗੁਆਏ ਜਲਦ ਤੋਂ ਜਲਦ ਕਾਲੇ ਕਾਨੂੰਨ ਵਾਪਸ ਲਏ ਜਾਣ ਨਹੀਂ ਤਾਂ ਕੇਂਦਰ ਦੀ ਸੱਤਾ ਤੋਂ ਭਾਜਪਾ ਦਾ ਭੋਗ ਪੈਣਾ ਲਾਜ਼ਮੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਅੰਦੋਲਨ ਲਈ ਭਰਵਾਂ ਸਹਿਯੋਗ ਦੇਣ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨ ਨਹੀਂ ਤਾਂ ਇਹ ਸਰਕਾਰ ਆਉਣ ਵਾਲੇ ਸਮੇਂ ਵਿਚ ਨੌਜਵਾਨਾਂ ਦੇ ਭਵਿੱਖ ਨੂੰ ਖ਼ਤਮ ਕਰ ਦੇਣਗੀਆਂ। ਇਸ ਮੌਕੇ ਅਵਤਾਰ ਸਿੰਘ, ਜਗਜੀਤ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਦੀਦਾਰ ਸਿੰਘ, ਮੁਖਤਿਆਰ ਸਿੰਘ, ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਹਰਵਿੰਦਰ ਸਿੰਘ, ਗੁਰਦੇਵ ਸਿੰਘ, ਲਖਵੀਰ ਸਿੰਘ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।

Share This :

Leave a Reply