ਫਰਜ਼ੀ ਖ਼ਰੀਦ ਘੁਟਾਲਾ: ਭਾਰਤ ਭੂਸ਼ਣ ਆਸ਼ੂ ਹੁਣ ਨਵੀਂ ਮੁਸੀਬਤ ਵਿਚ ਘਿਰੇ!

ਲੁਧਿਆਣਾ (ਪੰਜਾਬੀ ਮੀਡੀਆ ਬਿਊਰੋ) : ਟੈਂਡਰ ਅਲਾਟਮੈਂਟ ਘੁਟਾਲੇ ’ਚੋਂ ਹੁਣ ਕਥਿਤ ਨਵਾਂ ਫਰਜ਼ੀ ਖ਼ਰੀਦ ਘੁਟਾਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਵੀਂ ਮੁਸੀਬਤ ਵਿਚ ਘਿਰ ਗਏ ਜਾਪਦੇ ਹਨ।
ਵਿਜੀਲੈਂਸ ਬਿਊਰੋ ਪੰਜਾਬ ਨੇ ਪਹਿਲਾਂ ਹੀ ਟੈਂਡਰ ਅਲਾਟਮੈਂਟ ਘੁਟਾਲੇ ਵਿਚ ਸਾਬਕਾ ਮੰਤਰੀ ਖਿਲਾਫ਼ ਕੇਸ ਦਰਜ ਕੀਤਾ ਹੋਇਆ ਹੈ। ਕਾਂਗਰਸੀ ਹਕੂਮਤ ਦੌਰਾਨ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਅਤੇ ਖ਼ਰੀਦ ’ਚ ਵੱਡਾ ਫਰਕ ਸਾਹਮਣੇ ਆਇਆ ਹੈ। ਲੰਘੇ ਦਿਨੀਂ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਨੇ ਕ੍ਰਿਸ਼ਨ ਲਾਲ ਧੋਤੀਵਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਧੋਤੀਵਾਲਾ ਦੀ ਗ੍ਰਿਫ਼ਤਾਰੀ ਨਾਲ ਝੋਨੇ ਦੀ ਖ਼ਰੀਦ ਵਿਚ ਘਪਲਾ ਹੋਣ ਦੀ ਗੱਲ ਉੱਭਰੀ ਹੈ। ਵਿਜੀਲੈਂਸ ਜਾਂਚ ਵਿਚ ਹੁਣ ਸਾਹਮਣੇ ਆਇਆ ਹੈ ਕਿ ਦੂਜੇ ਸੂਬਿਆਂ ’ਚੋਂ 1100-1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖ਼ਰੀਦ ਕੇ ਪੰਜਾਬ ਲਿਆਇਆ ਜਾਂਦਾ ਸੀ ਅਤੇ ਸੂਬੇ ਦੇ ਖ਼ਰੀਦ ਕੇਂਦਰਾਂ ਵਿਚ ਸਰਕਾਰੀ ਭਾਅ ’ਤੇ ਵੇਚ ਦਿੱਤਾ ਜਾਂਦਾ ਸੀ।
ਪ੍ਰਤੀ ਕੁਇੰਟਲ ਪਿੱਛੇ ਕਰੀਬ 600 ਤੋਂ 700 ਰੁਪਏ ਦੀ ਰਕਮ ਜੇਬ ਵਿਚ ਚਲੀ ਜਾਂਦੀ ਸੀ। ਇਸ ਖ਼ਰੀਦ ’ਤੇ ਪਰਦਾ ਪਾਉਣ ਲਈ ਫਰਜ਼ੀ ਰਿਕਾਰਡ ਤਿਆਰ ਕੀਤਾ ਜਾਂਦਾ ਸੀ ਅਤੇ ਬਾਹਰੋਂ ਲਿਆਂਦਾ ਝੋਨਾ ਸਥਾਨਕ ਕਿਸਾਨਾਂ ਤੋਂ ਖ਼ਰੀਦਿਆ ਦਿਖਾਇਆ ਜਾਂਦਾ ਸੀ।

Share This :

Leave a Reply