ਵਸ਼ਿੰਗਟਨ ਦੇ ਕਈ ਹਿੱਸਿਆਂ ਵਿਚ ਆਏ ਹੜ੍ਹ ਕਾਰਨ ਜਨ- ਜੀਵਨ ਬੁਰੀ ਤਰਾਂ ਪ੍ਰਭਾਵਿਤ, ਲੋਕ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਹੋਏ ਮਜ਼ਬੂਰ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਵਸ਼ਿੰਗਟਨ ਰਾਜ ਦੇ ਕਈ ਹਿੱਸਿਆਂ ਵਿਚ ਹੋ ਰਹੀ ਭਾਰੀ ਬਾਰਿਸ਼ ਤੇ ਸਰਦ ਤੇਜ ਹਵਾਵਾਂ ਨੇ ਜਨ ਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਰਾਜ ਦੇ ਕੁਝ ਹਿੱਸਿਆਂ ਵਿਚ ਹੜ੍ਹ ਆ ਗਿਆ ਹੈ ਤੇ ਲੋਕ ਸੁਰੱਖਿਅਤ ਥਾਵਾਂ ਉਪਰ ਜਾਣ ਲਈ ਮਜ਼ਬੂਰ ਹੋਏ ਹਨ। ਖਰਾਬ ਮੌਸਮ ਕਾਰਨ ਕਈ ਥਾਵਾਂ ‘ਤੇ ਬਿਜਲੀ ਵੀ ਬੰਦ ਹੋ ਗਈ ਹੈ। ਗਵਰਨਰ ਜੈ ਇੰਸਲੀ ਨੇ ਹੰਗਾਮੀ ਸਥਿੱਤੀ ਦਾ ਐਲਾਨ ਕਰ ਦਿੱਤਾ ਹੈ। ਵਟਕਾਮ ਕਾਊਂਟੀ ਜੋ ਕਨੇਡਾ ਦੀ ਸਰੱਹਦ ਨਾਲ ਲੱਗਦੀ ਹੈ, ਵਿਚ ਹੰਗਾਮੀ ਸਥਿੱਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੇ ਬਚਾਅ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੜ੍ਹ ਕਾਰਨ ਸੈਂਕੜੇ ਲੋਕ ਆਪਣੇ ਘਰ ਬਾਰ ਛੱਡ ਕੇ ਕਾਊਂਟੀ ਦੇ ਉਤਰ-ਪੂਰਬ ਖੇਤਰ ਵਿਚ ਚਲੇ ਗਏ ਹਨ।

ਵਟਕਾਮ ਕਾਊਂਟੀ ਦੇ ਪੁਲਿਸ ਮੁੱਖੀ ਦੇ ਦਫਤਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਗੱਡੀਆਂ ਰਾਹੀਂ ਕੱਢਿਆ ਗਿਆ ਹੈ ਪਰ ਜਿਥੇ ਪਾਣੀ ਜਿਆਦਾ ਡੂੰਘਾ ਹੈ ਉਥੇ ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਨੂੰ ਹੰਗਾਮੀ ਸਥਿੱਤੀ ਵਿਚ ਬਣਾਈਆਂ ਗਈਆਂ ਪਨਾਹ ਥਾਵਾਂ ਵਿੱਚ ਭੇਜਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਲੋਕਾਂ ਤੱਕ ਪਹੁੰਚਣ ਲਈ ਰਾਤ ਭਰ ਵੀ ਕਾਰਵਾਈ ਜਾਰੀ ਰਹੀ। ‘ਵਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ‘ ਅਨੁਸਾਰ ਬੇਲਿੰਘਮ ਵਿਚ ਢਿੱਗਾਂ ਡਿੱਗਣ ਕਾਰਨ ਰਾਸ਼ਟਰੀ ਮਾਰਗ ਦਾ 1-5 ਹਿੱਸਾ ਬੰਦ ਕਰ ਦਿੱਤਾ ਗਿਆ ਹੈੈ। ਪੱਛਮੀ ਤੱਟ ਦੇ ਨਾਲ ਮੈਕਸੀਕੋ ਤੋਂ ਕੈਨੇਡਾ ਤੱਕ ਜਾਂਦੀ ਇਹ ਪ੍ਰਮੁੱਖ ਸੜਕ ਹੈ। ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਕਿਸੇ ਵੀ ਸਥਿੱਤੀ ਲਈ ਤਿਆਰ ਰਹਿਣ ਵਾਸਤੇ ਕਿਹਾ ਗਿਆ ਹੈ।

Share This :

Leave a Reply