ਮਾਮਲਾ ਦਰਜ ਕਰਨ ਦੇ ਹੁਕਮ
ਲੁਧਿਆਣਾ, ਮੀਡੀਆ ਬਿਊਰੋ:
ਵਿਧਾਨ ਸਭਾ ਹਲਕਿਆਂ ਪੱਛਮੀ, ਪੂਰਬੀ ਤੇ ਸੈਂਟਰਲ ‘ਚ ਕੁਝ ਲੋਕਾਂ ਨੇ ਪੋਲਿੰਗ ਬੂਥਾਂ ਦੇ ਅੰਦਰ ਆਪਣੀ ਵੋਟ ਪਾਉਣ ਸਮੇਂ ਮੋਬਾਈਲਾਂ ਤੋਂ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ‘ਤੇ ਸ਼ੇਅਰ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਤੇ ਡੀਸੀ ਲੁਧਿਆਣਾ ਵਰਿੰਦਰ ਸ਼ਰਮਾ ਨੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਵੋਟਿੰਗ ਦੌਰਾਨ ਪੋਲਿੰਗ ਬੂਥ ਦੇ ਅੰਦਰੋਂ ਉਮੀਦਵਾਰ ਦੇ ਹੱਕ ‘ਚ ਵੋਟ ਪਾਉਣ ਤੇ ਵੀਡੀਓ ਇੰਟਰਨੈੱਟ ‘ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਸੋਸ਼ਲ ਪਲੇਟਫਾਰਮਾਂ ‘ਤੇ ਅਜਿਹੇ ਵੀਡੀਓ ਸਾਹਮਣੇ ਆਏ ਹਨ। ਕੁਝ ਵੀਡੀਓ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੰਜੇ ਤਲਵੜ ਦੇ ਹੱਕ ‘ਚ ਪਈਆਂ ਵੋਟਾਂ ਦੇ ਸੀ, ਜਦਕਿ ਕੁਝ ਕੇਂਦਰੀ ਹਲਕੇ ਤੋਂ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ‘ਚ ਪਈਆਂ ਵੋਟਾਂ ਦੇ। ਇਸ ਤੋਂ ਇਲਾਵਾ ਗਿੱਲ ਤੇ ਹੋਰ ਵਿਧਾਨ ਸਭਾ ਹਲਕਿਆਂ ਤੋਂ ਵੀ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ ਹਨ।
ਰਿਟਰਨਿੰਗ ਅਫਸਰਾਂ ਨੇ ਕੀਤੀ ਖਾਤਿਆਂ ਦੀ ਜਾਂਚ
ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ‘ਚ ਆਉਂਦੇ ਹੀ ਇਸ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਸ਼ੁਰੂ ਕਰ ਦਿੱਤੇ ਗਏ। ਵਿਧਾਨ ਸਭਾ ਹਲਕਾ ਪੱਛਮੀ ‘ਚ ਦੇਵੇਸ਼ ਮੱਕੜ ਵੱਲੋਂ ਅਜਿਹੇ ਘਟਨਾਕ੍ਰਮ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਜਿਸ ਤੋਂ ਬਾਅਦ ਰਿਟਰਨਿੰਗ ਅਧਿਕਾਰੀ ਇਸ ਕੰਮ ‘ਤੇ ਲੱਗੇ ਹੋਏ ਸਨ। ਵਿਸ਼ੇਸ਼ ਟੀਮ ਵੱਲੋਂ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਖਾਤਿਆਂ ਦੀ ਜਾਂਚ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਅਜਿਹੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।